ਲੈਸਟਰ (ਇੰਗਲੈਂਡ), 06 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਇਜ਼ਰਾਈਲ ਦੀ ਫੁੱਟਬਾਲ ਟੀਮ ਮੱਕਾਬੀ ਤੇਲ ਅਵੀਵ ਦੇ ਦਰਸ਼ਕਾਂ 'ਤੇ ਲਾਈ ਗਈ ਪਾਬੰਦੀ ਦੇ ਮਾਮਲੇ ਨੂੰ ਲੈ ਕੇ ਮਿਡਲੈਂਡ ਖੇਤਰ ਦੀ ਪੁਲਿਸ ਦੇ ਮੁਖੀ 'ਤੇ ਅਸਤੀਫ਼ਾ ਦੇਣ ਲਈ ਦਬਾਅ ਵਧਦਾ ਜਾ ਰਿਹਾ ਹੈ | ਇਸ ਮਾਮਲੇ ਨੇ ਬਰਤਾਨੀਆ ਭਰ 'ਚ ਰਾਜਨੀਤਿਕ ਤੇ ਸਮਾਜਿਕ ਪੱਧਰ 'ਤੇ ਤੀਖੀ ਚਰਚਾ ਨੂੰ ਜਨਮ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਬਰਮਿੰਘਮ 'ਚ ਹੋਏ ਫੁੱਟਬਾਲ ਮੁਕਾਬਲੇ ਦÏਰਾਨ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਮੱਕਾਬੀ ਤੇਲ ਅਵੀਵ ਦੇ ਦਰਸ਼ਕਾਂ ਨੂੰ ਮੈਦਾਨ 'ਚ ਦਾਖ਼ਲ ਹੋਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਵੱਖ-ਵੱਖ ਵਰਗਾਂ ਵੱਲੋਂ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ | ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਦਮ ਪੱਖਪਾਤੀ ਹੈ ਤੇ ਲੋਕਤਾਂਤਿ੍ਕ ਅਧਿਕਾਰਾਂ ਦੇ ਖ਼ਿਲਾਫ਼ ਹੈ | ਇਸ ਫ਼ੈਸਲੇ ਦੇ ਵਿਰੋਧ 'ਚ ਮੈਦਾਨ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਹੋਏ, ਜਿੱਥੇ ਪੁਲਿਸ ਦੀ ਵੱਡੀ ਤਾਇਨਾਤੀ ਕੀਤੀ ਗਈ | ਰਾਜਨੀਤਿਕ ਆਗੂਆਂ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਪਸ਼ਟੀਕਰਨ ਮੰਗਿਆ ਹੈ | ਮਾਮਲੇ ਦੇ ਗੰਭੀਰ ਹੋਣ ਕਾਰਨ ਪੁਲਿਸ ਮੁਖੀ ਕ੍ਰੇਗ ਗਿਲਡਫੋਰਡ ਨੂੰ ਆਪਣੇ ਫ਼ੈਸਲੇ ਬਾਰੇ ਜਵਾਬਦੇਹ ਬਣਨ ਲਈ ਕਿਹਾ ਜਾ ਰਿਹਾ ਹੈ | ਕਈ ਹਲਕਿਆਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਪਾਬੰਦੀ ਗ਼ਲਤ ਸਾਬਤ ਹੁੰਦੀ ਹੈ ਤਾਂ ਪੁਲਿਸ ਮੁਖੀ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ | ਰਾਜਨੀਤਿਕ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਆਉਣ ਵਾਲੇ ਦਿਨਾਂ 'ਚ ਹੋਰ ਤੂਲ ਫੜ ਸਕਦਾ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਨੀਤੀ 'ਤੇ ਡੂੰਘਾ ਅਸਰ ਪਾ ਸਕਦਾ ਹੈ |