ਲੰਡਨ, 6 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਕੁਝ ਸਮੇਂ ਤੋਂ ਇੰਗਲੈਂਡ 'ਚ ਸਿੱਖਾਂ 'ਤੇ ਹੋ ਰਹੇ ਨਸਲੀ ਹਮਲਿਆਂ ਦੀ ਗਿਣਤੀ 'ਚ ਹੋਏ ਵਾਧੇ ਤੋਂ ਸਿੱਖ ਭਾਈਚਾਰਾ ਚਿੰਤਤ ਹੈ | ਵੈਸਟ ਮਿਡਲੈਂਡ ਦੇ ਸ਼ਹਿਰ ਵਾਲਸਾਲ ਤੇ ਓਲਡਬਰੀ 'ਚ ਸਿੱਖ ਬੀਬੀਆਂ 'ਤੇ ਹੋਏ ਜਿਣਸੀ ਹਮਲਿਆਂ ਨੇ ਪੂਰਾ ਸਿੱਖ ਭਾਈਚਾਰਾ ਝੰਜੋੜ ਕੇ ਰੱਖ ਦਿੱਤਾ | ਜਿਸ ਤੋਂ ਬਾਅਦ ਸਿੱਖਾਂ ਤੇ ਖਾਸ ਤੌਰ 'ਤੇ ਸਿੱਖ ਬੀਬੀਆਂ ਨੂੰ ਸਵੈ ਰੱਖਿਆ ਲਈ ਉਤਸ਼ਾਹਿਤ ਕਰਨ ਲਈ ਸਿੱਖ ਯੂਥ ਯੂ.ਕੇ. ਵੱਲੋਂ ਦੇਸ਼ ਭਰ ਦੇ ਗੁਰਦੁਆਰਿਆਂ 'ਚ ਸੈਮੀਨਾਰ ਕਰਵਾਏ ਜਾ ਰਹੇ ਹਨ ਤੇ ਕੈਂਪ ਲਗਾਏ ਕਾ ਰਹੇ ਹਨ | ਇਸ ਦੌਰਾਨ ਹੀ ਸਵੈ-ਰੱਖਿਅਕ ਬਿਜਲਈ ਯੰਤਰ ਵੀ ਸਿੱਖ ਬੀਬੀਆਂ ਤੇ ਬਜ਼ੁਰਗਾਂ ਨੂੰ ਵੰਡੇ ਜਾ ਰਹੇ ਹਨ | ਸੰਸਥਾ ਦੇ ਸੰਚਾਲਕ ਦੀਪਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਬੀਤੇ ਲੰਮੇਂ ਸਮੇਂ ਤੋਂ ਸਿੱਖ ਬੀਬੀਆਂ 'ਤੇ ਹੋ ਰਹੇ ਹਮਲੇ ਤੇ ਗੁੰਮਰਾਹ ਕਰਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੰਮ ਕਰਦੇ ਆ ਰਹੇ ਹਨ | ਬੀਤੇ ਸਮੇਂ 'ਚ ਵੈਸਟ ਮਿਡਲੈਂਡ 'ਚ ਸਿੱਖ ਬੀਬੀਆਂ 'ਤੇ ਹੋਏ ਹਮਲੇ ਅਤੇ ਜਬਰ-ਜਨਾਹ ਦੀਆਂ ਘਟਨਾਵਾਂ ਕਾਰਨ ਦੇਸ਼ ਭਰ 'ਚ ਵੱਸਦੇ ਸਿੱਖਾਂ ਨੂੰ ਵੱਡੀ ਸੱਟ ਵੱਜੀ ਹੈ | ਜਿਸ ਤੋਂ ਬਾਅਦ ਸਿੱਖ ਯੂਥ ਯੂ.ਕੇ. ਵੱਲੋਂ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਸਵੈ-ਰੱਖਿਅਕ ਬਿਜਲਈ ਉਪਕਰਣ ਵੰਡੇ ਗਏ ਹਨ | ਇਸ ਯੰਤਰ ਨਾਲ ਜਦੋਂ ਵੀ ਕੋਈ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ ਤਾਂ ਉਹ ਆਪਣੇ ਆਸ ਪਾਸ ਦੇ ਲੋਕਾਂ ਨੂੰ ਮਦਦ ਲਈ ਚਿਤਾਵਨੀ ਦੇ ਸਕਦਾ ਹੈ | ਭਾਈ ਦੀਪਾ ਨੇ ਕਿਹਾ ਕਿ ਗੁਰਦਾਆਰਾ ਸਾਹਿਬ, ਸੰਸਥਾਵਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਹੁਣ ਤੱਕ 20 ਹਜ਼ਾਰ ਤੋਂ ਵੱਧ ਸਵੈ ਰੱਖਿਅਕ ਯੰਤਰ ਵੰਡੇ ਜਾ ਚੁੱਕੇ ਹਨ | ਇਸ ਦੇ ਨਾਲ ਹੀ ਸੰਗਤਾਂ ਨੂੰ ਜਾਣਕਾਰੀ ਵਾਲੇ ਪਰਚੇ ਵੰਡੇ ਗਏ ਹਨ ਤੇ ਸਵੈ ਰੱਖਿਆ ਸੰਬੰਧੀ ਸੈਮੀਨਾਰਾਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ | ਬੀਤੇ ਹਫਤੇ ਨੌਟਿੰਘਮ 'ਚ ਉਕਤ ਉਪਕਰਨ ਵੰਡੇ ਗਏ ਹਨ |