ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਜੈ ਪਾਲ ਸਿੰਘ ਬੰਗਾ ਅਧਿਕਾਰਤ ਦੌਰੇ 'ਤੇ ਅੱਜ ਪਾਕਿਸਤਾਨ ਪਹੁੰਚੇ | ਉਨ੍ਹਾਂ ਨੇ ਆਪਣੀ ਯਾਤਰਾ ਦੇ ਹਿੱਸੇ ਵਜੋਂ ਦੁਪਹਿਰ ਨੂੰ ਆਪਣੇ ਵਫ਼ਦ ਦੇ ਨਾਲ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਸ਼ਹਿਰ ਵਿਚਲੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ | ਪਾਕਿ ਦੇ ਸੰਘੀ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਵੀ ਉਨ੍ਹਾਂ ਦੇ ਨਾਲ ਸਨ | ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪਹੁੰਚਣ 'ਤੇ ਬੰਗਾ ਦਾ ਸਵਾਗਤ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ | ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ, ਵਧੀਕ ਸਕੱਤਰ ਮਨੁੱਖੀ ਅਧਿਕਾਰ ਤੇ ਘੱਟ ਗਿਣਤੀ ਮਾਮਲੇ ਹਿੰਜਾਬ ਹੈਦਰ ਅੱਬਾਸ ਵਟੂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਤਵੰਤ ਸਿੰਘ, ਸਿੱਖ ਆਗੂ ਸੰਤੋਖ ਸਿੰਘ, ਰਵਿੰਦਰ ਸਿੰਘ ਜੱਗੀ, ਭੁਪਿੰਦਰ ਸਿੰਘ ਲਵਲੀ, ਜ਼ਿਲ੍ਹਾ ਪੁਲਿਸ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਸਮੇਤ ਸੀਨੀਅਰ ਸਥਾਨਕ ਅਧਿਕਾਰੀ ਹਾਜ਼ਰ ਸਨ | ਗੁਰਦੁਆਰਾ ਸਾਹਿਬ ਵਿਖੇ ਪਹੁੰਚਣ 'ਤੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਪਾਕਿ ਸਿੱਖ ਆਗੂਆਂ ਵਲੋਂ ਬੰਗਾ ਨੂੰ ਸਿਰੋਪਾਓ ਤੇ ਤਲਵਾਰ ਭੇਟ ਕੀਤੀ ਗਈ | ਇਸ ਮੌਕੇ ਅਜੈ ਪਾਲ ਸਿੰਘ ਬੰਗਾ, ਸੰਘੀ ਵਿੱਤ ਮੰਤਰੀ ਤੇ ਹੋਰਨਾ ਵਲੋਂ ਪੰਗਤ 'ਚ ਬੈਠ ਕੇ ਲੰਗਰ ਵੀ ਛਕਿਆ ਗਿਆ | ਹਾਲਾਂਕਿ, ਇਸ ਦੌਰਾਨ ਅਜੈ ਪਾਲ ਸਿੰਘ ਬੰਗਾ ਨੇ ਇਹ ਕਹਿ ਕੇ ਸੰਬੋਧਨ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਭਾਸ਼ਣ ਨਹੀਂ ਦੇਣਗੇ | ਉੱਚ-ਪ੍ਰੋਫਾਈਲ ਵਫ਼ਦ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਦੌਰੇ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਬੰਗਾ ਤੇ ਉਨ੍ਹਾਂ ਦੀ ਟੀਮ ਟੈਕਸਲਾ ਅਜਾਇਬ-ਘਰ ਵੀ ਵੇਖਣ ਲਈ ਪਹੁੰਚੀ | ਦੱਸਿਆ ਜਾ ਰਿਹਾ ਹੈ ਕਿ ਬੰਗਾ 2 ਫਰਵਰੀ ਨੂੰ ਲਾਹੌਰ ਵਿਖੇ ਆਲਾ ਅਧਿਕਾਰੀਆਂ ਅਤੇ ਸਿਆਸਤਦਾਨਾਂ ਨਾਲ ਬੈਠਕ ਕਰਨਗੇ |