ਕੈਨੇਡਾ ਛੱਡ ਕੇ ਜਾ ਰਹੇ ਲੋਕਾਂ ਦਾ ਰਿਕਾਰਡ ਰੱਖਣਾ ਜ਼ਰੂਰੀ
ਅਜੀਤ ਡੈਸਕ
03-02-2026
ਟੋਰਾਂਟੋ, 2 ਫਰਵਰੀ-ਕੈਨੇਡਾ ਦੀ ਇਮੀਗ੍ਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਲੀਨਾ ਡਿਆਬ ਨੇ ਕਿਹਾ ਹੈ ਕਿ ਦੇਸ਼ ਵਿਚੋਂ ਬਾਹਰ ਜਾ ਰਹੇ ਲੋਕਾਂ (ਵਿਸ਼ੇਸ਼ ਤੌਰ 'ਤੇ ਆਰਜ਼ੀ ਵੀਜ਼ਾ ਧਾਰਕਾਂ) ਬਾਰੇ ਸਰਕਾਰ ਨੂੰ ਪਤਾ ਹੋਣਾ ਜ਼ਰੂਰੀ ਹੈ ਜਿਸ ਕਰਕੇ ਉਨ੍ਹਾਂ ਨੇ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਇਸ ਦੇ ਪ੍ਰਬੰਧ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ | ਬੀਤੇ ਦਹਾਕਿਆਂ ਤੋਂ ਕੈਨੇਡਾ ਦੇ ਸਰਹੱਦੀ ਲਾਂਘਿਆਂ ਉੱਪਰ ਇਮੀਗ੍ਰੇਸ਼ਨ ਚੈਕਿੰਗ ਦੇ ਅਜਿਹੇ ਪ੍ਰਬੰਧ ਹਨ ਜਿਨ੍ਹਾਂ ਤਹਿਤ ਵਿਦੇਸ਼ਾਂ ਤੋਂ ਦੇਸ਼ 'ਚ ਦਾਖਿਲ ਹੋਣ ਵਾਲੇ ਲੋਕਾਂ ਦੀ ਪੜਤਾਲ ਕੀਤੀ ਜਾਂਦੀ ਹੈ ਪਰ ਦੇਸ਼ ਛੱਡ ਕੇ ਜਾਣ ਸਮੇਂ ਇਮੀਗ੍ਰੇਸ਼ਨ ਦੀ ਕੋਈ ਚੈਕਿੰਗ ਨਹੀਂ ਹੈ | 2019 ਤੋਂ ਹਵਾਈ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ 'ਚ ਕੈਨੇਡਾ ਤੋਂ ਬਾਹਰ ਜਾ ਰਹੇ ਮੁਸਾਫ਼ਰਾਂ ਦੀ ਲਿਸਟ ਉਡਾਣ ਤੋਂ 72 ਘੰਟੇ ਪਹਿਲਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦੇਣੀ ਪੈਂਦੀ ਹੈ ਪਰ ਅਪਰਾਧੀਆਂ ਨੂੰ ਰੋਕਣ ਵਾਸਤੇ ਇਹ ਪ੍ਰਬੰਧ ਅਸਰਦਾਰ ਨਹੀਂ ਸਾਬਤ ਹੋ ਰਿਹਾ | ਮੰਤਰੀ ਡਿਆਬ ਨੇ ਕਿਹਾ ਕਿ ਦੇਸ਼ ਛੱਡ ਕੇ ਜਾਂਦੇ ਆਰਜ਼ੀ ਵੀਜ਼ਾ ਧਾਰਕਾਂ (ਵਿਜ਼ਟਰ, ਸਟੱਡੀ, ਵਰਕ ਪਰਮਿਟ ਆਦਿ) ਦੀ ਗਿਣਤੀ ਬਾਰੇ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਡੇ ਕੋਲ ਦੇਸ਼ ਵਿਚੋਂ ਬਾਹਰ ਜਾ ਰਹੇ ਲੋਕਾਂ ਦਾ ਰਿਕਾਰਡ ਨਹੀਂ ਹੁੰਦਾ ਪਰ ਹੁਣ ਸਮਾਂ ਆ ਗਿਆ ਹੈ ਕਿ ਅਜਿਹਾ ਪ੍ਰਬੰਧ ਕੀਤਾ ਜਾਵੇ | ਮਿਲੀ ਜਾਣਕਾਰੀ ਅਨੁਸਾਰ 2026 ਦੌਰਾਨ 19 ਲੱਖ ਦੇ ਕਰੀਬ ਵਿਦੇਸ਼ੀਆਂ ਦੇ ਵਿਜ਼ਟਰ, ਸਟੱਡੀ, ਤੇ ਵਰਕ ਪਰਮਿਟ ਖ਼ਤਮ ਹੋਣੇ ਹਨ ਜਦਕਿ 2025 'ਚ ਖ਼ਤਮ ਹੋਏ ਅਜਿਹੇ ਪਰਮਿਟਾਂ ਦੀ ਗਿਣਤੀ 21 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ | ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਰਾਹੀਂ ਡਿਜੀਟਲ ਤਰੀਕੇ ਲੋਕਾਂ ਦੀ ਆਵਾਜਾਈ ਦਾ ਰਿਕਾਰਡ (ਨਾਮ, ਜਨਮ ਤਰੀਕ, ਪਾਸਪੋਰਟ ਦੀ ਜਾਣਕਾਰੀ) ਰੱਖਣਾ ਸੰਭਵ ਹੈ ਪਰ ਅਜੇ ਤੱਕ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਆਪਣੇ ਆਪ ਜਾਣ ਵਾਲੇ ਵਿਦੇਸ਼ੀਆਂ ਦੀ ਜਾਣਕਾਰੀ ਰੱਖਣ ਦਾ ਪ੍ਰਬੰਧ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਨਹੀਂ ਹੈ | ਮੰਤਰੀ ਡਿਆਬ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਦਾ ਪੁਰਾਣਾ ਸਿਸਟਮ ਸਮਾਂ ਵਿਹਾਅ ਚੁੱਕਾ ਹੈ | ਜਿਸ ਕਰਕੇ ਇਸ ਨੂੰ ਪੜਾਅਵਾਰ ਨਵਿਆਇਆ (ਡਿਜੀਟਲ ਕੀਤਾ) ਜਾ ਰਿਹਾ ਹੈ | ਇਹ ਵੀ ਪਤਾ ਲੱਗਾ ਹੈ ਕਿ ਭਵਿੱਖ ਵਿਚ ਕੈਨੇਡਾ ਦਾ ਵੀਜ਼ਾ ਪਾਸਪੋਰਟਾਂ ਵਿਚ ਸਟਿੱਕਰ ਲਗਾਉਣ ਦਾ ਸਿਲਸਿਲਾ ਬੰਦ ਕੀਤਾ ਜਾਵੇਗਾ¢ ਸਟਿੱਕਰ ਵੀਜ਼ਾ ਦੇ ਯੁੱਗ ਦਾ ਅੰਤ ਹੋ ਜਾਵੇਗਾ ਅਤੇ ਇਸ ਦੀ ਬਜਾਏ ਵੀਜ਼ਾ ਦਾ ਡਿਜੀਟਲ ਰੂਪ (ਫ਼ੋਨ/ਈਮੇਲ 'ਚ ਬਾਰਕੋਡ ਰਾਹੀਂ) ਧਾਰਕਾਂ ਨੂੰ ਦਿੱਤਾ ਜਾਇਆ ਕਰੇਗਾ ਜਿਸ ਦੇ ਅਧਾਰ 'ਤੇ ਸਫ਼ਰ ਕੀਤਾ ਜਾ ਸਕੇਗਾ ਤੇ ਐਂਟਰੀ ਮਿਲਿਆ ਕਰੇਗੀ |