ਲੈਸਟਰ (ਇੰਗਲੈਂਡ), 20 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-ਇੰਡੀਆਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਲੈਸਟਰਸ਼ਾਇਰ ਦੇ ਮੈਂਬਰਾਂ ਨੇ ਲੈਸਟਰ ਐਂਡ ਡਿਸਟਿ੍ਕਟ ਟਰੇਡ ਯੂਨੀਅਨ ਕੌਂਸਲ ਵੱਲੋਂ ਹੈਨਸਨ ਹਾਲ, ਲੈਸਟਰ ਵਿਖੇ ਕਰਵਾਈ ਗਈ ਜਨਤਕ ਬੈਠਕ 'ਚ ਹਿੱਸਾ ਲੈ ਕੇ ਮਜ਼ਦੂਰਾਂ ਨਾਲ ਏਕਤਾ ਪ੍ਰਗਟਾਈ | ਬੈਠਕ 'ਚ ਟਰੇਡ ਯੂਨੀਅਨ ਪ੍ਰਤੀਨਿਧੀਆਂ, ਸਮਾਜਿਕ ਆਗੂਆਂ ਤੇ ਕਮਿਊਨਿਟੀ ਕਾਰਕੁਨਾਂ ਨੇ ਭਾਗ ਲਿਆ ਤੇ ਟਰੇਡ ਯੂਨੀਅਨ ਪ੍ਰਤੀਨਿਧੀ ਟੌਮ ਬਾਰਕਰ ਨਾਲ ਕਥਿਤ ਉਤਪੀੜਨ ਮਾਮਲੇ 'ਤੇ ਚਿੰਤਾ ਜਤਾਈ ਗਈ | ਐਸੋਸੀਏਸ਼ਨ ਵੱਲੋਂ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਟਰੇਡ ਯੂਨੀਅਨ ਆਗੂਆਂ ਤੇ ਕਮਿਊਨਿਟੀ ਨੁਮਾਇੰਦਿਆਂ ਨਾਲ ਮਿਲ ਕੇ ਮਜ਼ਦੂਰ ਹੱਕਾਂ, ਟਰੇਡ ਯੂਨੀਅਨ ਆਜ਼ਾਦੀ ਤੇ ਸਾਂਝੀ ਕਾਰਵਾਈ ਦੇ ਸਮਰਥਨ ਨੂੰ ਦੁਹਰਾਇਆ | ਉਨ੍ਹਾਂ ਸਪਸ਼ਟ ਕੀਤਾ ਕਿ ਐਸੋਸੀਏਸ਼ਨ ਟਰੇਡ ਯੂਨੀਅਨ ਪ੍ਰਤੀਨਿਧੀਆਂ ਨਾਲ ਕਿਸੇ ਵੀ ਕਿਸਮ ਦੇ ਉਤਪੀੜਨ ਦੇ ਵਿਰੁੱਧ ਡੱਟ ਕੇ ਖੜੀ ਰਹੇਗੀ ਤੇ ਨਿਆਂਪੂਰਨ ਕੰਮਕਾਜੀ ਹਾਲਾਤਾਂ ਲਈ ਆਪਣਾ ਸਮਰਥਨ ਜਾਰੀ ਰੱਖੇਗੀ | ਇਸ ਮੌਕੇ ਸੀਤਲ ਸਿੰਘ ਗਿੱਲ ਨੇ ਸੰਸਦ ਮੈਂਬਰ ਜ਼ਾਰਾ ਸੁਲਤਾਨਾ, ਟਰੇਡ ਯੂਨੀਅਨ ਆਗੂਆਂ ਅਤੇ ਕਮਿਊਨਿਟੀ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ | ਚਰਚਾ ਦÏਰਾਨ ਬਿ੍ਟੇਨ ਵਿਚ ਇੰਡੀਆਨ ਵਰਕਰਜ਼ ਐਸੋਸੀਏਸ਼ਨ ਦੀ ਇਤਿਹਾਸਕ ਭੂਮਿਕਾ, ਖ਼ਾਸ ਕਰਕੇ ਮਜ਼ਦੂਰ ਆੰਦੋਲਨਾਂ, ਨਸਲਵਾਦ ਵਿਰੋਧੀ ਸੰਘਰਸ਼ਾਂ ਤੇ ਕਮਿਊਨਿਟੀ ਏਕਤਾ 'ਚ ਇਸ ਦੇ ਯੋਗਦਾਨ 'ਤੇ ਵਿਚਾਰ ਕੀਤਾ ਗਿਆ | ਜ਼ਾਰਾ ਸੁਲਤਾਨਾ ਨੇ ਮਜ਼ਦੂਰ ਹੱਕ ਮੁਹਿੰਮਾਂ ਵਿਚ ਐਸੋਸੀਏਸ਼ਨ ਦੀ ਲਗਾਤਾਰ ਭੂਮਿਕਾ ਦੀ ਸਰਾਹਨਾ ਕਰਦਿਆਂ ਭਵਿੱਖ ਵਿਚ ਵੀ ਟਰੇਡ ਯੂਨੀਅਨਾਂ ਤੇ ਕਮਿਊਨਿਟੀ ਏਕਤਾ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦਾ ਭਰੋਸਾ ਦਿੱਤਾ | ਐਸੋਸੀਏਸ਼ਨ ਨੇ ਸਮਾਨਤਾ, ਸਮਾਜਿਕ ਨਿਆਂ ਤੇ ਮਜ਼ਦੂਰ ਅਧਿਕਾਰਾਂ ਦੇ ਸਮਰਥਨ 'ਚ ਸੰਸਦ ਮੈਂਬਰ ਦੀ ਮਜ਼ਬੂਤ ਆਵਾਜ਼ ਦੀ ਪ੍ਰਸ਼ੰਸਾ ਕਰਦਿਆਂ ਚੁਣੇ ਹੋਏ ਨੁਮਾਇੰਦਿਆਂ, ਟਰੇਡ ਯੂਨੀਅਨਾਂ ਅਤੇ ਕਮਿਊਨਿਟੀ ਸੰਸਥਾਵਾਂ ਵਿਚਕਾਰ ਸਹਿਯੋਗ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ | ਇੰਡੀਆਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਨੇ ਕਿਹਾ ਕਿ ਵੱਖ-ਵੱਖ ਪਿਛੋਕੜਾਂ ਨਾਲ ਸੰਬੰਧਿਤ ਮਜ਼ਦੂਰਾਂ, ਟਰੇਡ ਯੂਨੀਅਨਾਂ ਤੇ ਕਮਿਊਨਿਟੀ ਸੰਸਥਾਵਾਂ ਦਰਮਿਆਨ ਏਕਤਾ ਹੀ ਨਿਆਂ, ਹੱਕਾਂ ਦੀ ਰੱਖਿਆ ਤੇ ਇਕ ਹੋਰ ਸਮਾਨਤਾਪੂਰਨ ਸਮਾਜ ਦੀ ਨਿਰਮਾਣ ਲਈ ਅਤਿ ਜ਼ਰੂਰੀ ਹੈ |