ਸਿਡਨੀ, 25 ਫ਼ਰਵਰੀ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਐਸਾ ਹੋਇਆ ਹੈ ਕਿ ਸਰਕਾਰੀ ਬੈਠਕਾਂ ਦੀ ਸ਼ੁਰੂਆਤ ਦੌਰਾਨ ਸਿੱਖ ਅਤੇ ਹਿੰਦੂ ਧਾਰਮਿਕ ਪਰੰਪਰਾਵਾਂ ਨੂੰ ਸ਼ਾਮਲ ਕਰਨ ਲਈ ਅਧਿਕਾਰਿਕ ਮਤਾ ਕੌਂਸਲਰ ਜੁਗਨਦੀਪ ਸਿੰਘ ਜਵਾਹਰਵਾਲਾ ਵਲੋਂ ਪੇਸ਼ ਕੀਤਾ ਗਿਆ ਹੈ | ਇਹ ਮਤਾ ਬਲੈਕਟਾਊਨ ਲੋਕਲ ਗੋਰਮਿੰਟ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਸਿੱਖ ਅਤੇ ਹਿੰਦੂ ਭਾਈਚਾਰੇ ਵਲੋਂ ਗੌਰਵਮਈ ਕਦਮ ਵਜੋਂ ਦੇਖਿਆ ਜਾ ਰਿਹਾ ਹੈ | ਇਸ ਸਬੰਧੀ ਕੌਂਸਲਰ 'ਜੁਗਨਦੀਪ ਸਿੰਘ ਜਵਾਹਰਵਾਲਾ' ਨੇ ਦੱਸਿਆ ਕਿ ਆਮ ਤੌਰ 'ਤੇ ਸਰਕਾਰੀ ਬੈਠਕਾਂ ਦੀ ਸ਼ੁਰੂਆਤ ਤੋਂ ਪਹਿਲਾਂ ਇਸਾਈ ਅਤੇ ਮੁਸਲਿਮ ਧਰਮ ਦੇ ਪ੍ਰਤੀਨਿਧੀ ਦੁਆਰਾ ਪ੍ਰਾਰਥਨਾ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਹੀ ਕਾਰਵਾਈ ਅੱਗੇ ਵਧਦੀ ਹੈ | ਉਨ੍ਹਾਂ ਕਿਹਾ ਕਿ ਬਲੈਕਟਾਊਨ ਖੇਤਰ ਵਿਚ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਵੱਡੀ ਅਬਾਦੀ ਵੱਸਦੀ ਹੈ, ਇਸ ਲਈ ਸਮਾਨਤਾ ਅਤੇ ਸਭਿਆਚਾਰਕ ਸਨਮਾਨ ਦੇ ਨਾਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀਆਂ ਧਾਰਮਿਕ ਪਰੰਪਰਾਵਾਂ ਨੂੰ ਵੀ ਸਰਕਾਰੀ ਮੰਚ 'ਤੇ ਯੋਗ ਸਥਾਨ ਮਿਲੇ | ਕੌਂਸਲਰ ਜੁਗਨਦੀਪ ਨੇ ਦੱਸਿਆ ਕਿ ਇਸ ਮਤੇ ਨੂੰ ਮੇਅਰ ਅਤੇ ਹੋਰ ਕੌਂਸਲਰਾਂ ਵਲੋਂ ਵੀ ਸਕਾਰਾਤਮਕ ਸਹਿਮਤੀ ਮਿਲੀ ਹੈ ਅਤੇ ਉਮੀਦ ਹੈ ਕਿ ਭਵਿੱਖ ਵਿਚ ਇਸ ਨੂੰ ਅਮਲ ਵਿਚ ਲਿਆਂਦਾ ਜਾਵੇਗਾ | ਮਤਾ ਪਾਸ ਹੋਣ ਉਪਰੰਤ ਗੁਰਦੁਆਰਿਆਂ ਅਤੇ ਮੰਦਰਾਂ ਤੋਂ ਗ੍ਰੰਥੀ ਸਾਹਿਬਾਨ ਅਤੇ ਪੁਜਾਰੀ ਸਰਕਾਰੀ ਬੈਠਕਾਂ ਦੀ ਸ਼ੁਰੂਆਤ ਵੇਲੇ ਅਰਦਾਸ ਅਤੇ ਮੰਗਲਾਚਰਨ ਕਰ ਸਕਣਗੇ | ਹਾਲੀਆ ਜਨਗਣਨਾ ਅੰਕੜਿਆਂ ਅਨੁਸਾਰ, ਬਲੈਕਟਾਊਨ ਖੇਤਰ ਵਿਚ ਘਰਾਂ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿਚ ਪੰਜਾਬੀ ਅਗੇਤਰੀ ਸਥਾਨ 'ਤੇ ਹੈ | ਇਸ ਦੇ ਨਾਲ ਹੀ ਸਿੰਘ ਨਾਮ ਵੀ ਇਲਾਕੇ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਸਿੱਖ ਭਾਈਚਾਰੇ ਦੀ ਮਜ਼ਬੂਤ ਮੌਜੂਦਗੀ ਨੂੰ ਦਰਸਾਉਂਦਾ ਹੈ | ਇਸ ਇਤਿਹਾਸਕ ਮਤੇ ਨੂੰ ਬਹੁ-ਸਭਿਆਚਾਰਕ ਆਸਟ੍ਰੇਲੀਆ ਦੀ ਰੂਹ ਨੂੰ ਹੋਰ ਮਜ਼ਬੂਤ ਕਰਨ ਵਾਲਾ ਕਦਮ ਮੰਨਿਆ ਜਾ ਰਿਹਾ ਹੈ | ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਸਦਨਾਂ ਵਿਚ ਵੱਖ-ਵੱਖ ਧਾਰਮਿਕ ਰਸਮਾਂ ਦੀ ਸ਼ਮੂਲੀਅਤ ਨਾਲ ਸਮਾਜਿਕ ਏਕਤਾ, ਆਪਸੀ ਸਨਮਾਨ ਅਤੇ ਸਰਕਾਰ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਵੇਗਾ | ਇਸ ਨਾਲ ਭਾਈਚਾਰਿਆਂ ਨੂੰ ਇਹ ਅਹਿਸਾਸ ਹੋਵੇਗਾ ਕਿ ਉਹ ਦੇਸ਼ ਦੀ ਪ੍ਰਸ਼ਾਸਕੀ ਪ੍ਰਕਿਰਿਆ ਦਾ ਅਟੁੱਟ ਹਿੱਸਾ ਹਨ | ਸਿੱਖ ਅਤੇ ਹਿੰਦੂ ਭਾਈਚਾਰੇ ਵਲੋਂ ਇਸ ਮਤੇ ਦਾ ਤਹਿ-ਦਿਲੋਂ ਸਵਾਗਤ ਕੀਤਾ ਗਿਆ ਹੈ ਅਤੇ ਇਸ ਨੂੰ ਆਸਟ੍ਰੇਲੀਆ ਦੀ ਬਹੁ-ਸਭਿਆਚਾਰਕ ਪਹਿਚਾਣ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਵੇਖਿਆ ਜਾ ਰਿਹਾ ਹੈ |