ਲੰਡਨ, 25 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਤਰ-ਪੱਛਮੀ ਇੰਗਲੈਂਡ ਵਿਚ ਇਸ ਹਫ਼ਤੇ ਹੋਣ ਵਾਲੀ ਉੱਪ-ਚੋਣ ਲਈ ਗ੍ਰੀਨ ਪਾਰਟੀ ਦੁਆਰਾ ਜਾਰੀ ਕੀਤੀ ਗਈ ਇੱਕ ਉਰਦੂ-ਭਾਸ਼ਾ ਵੀਡੀਓ ਵਿਚ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਉਨ੍ਹਾਂ ਦੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲੀ ਹਮਰੁਤਬਾ ਦੇ ਨਾਲ ਪੇਸ਼ ਕਰਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ | ਸਾਰੀਆਂ ਪਾਰਟੀਆਂ ਮਾਨਚੈਸਟਰ ਦੇ ਗੋਰਟਨ ਤੇ ਡੈਂਟਨ ਹਲਕੇ ਲਈ ਪ੍ਰਚਾਰ ਕਰ ਰਹੀਆਂ ਹਨ, ਜਿੱਥੇ ਲੇਬਰ, ਕੰਜ਼ਰਵੇਟਿਵ ਅਤੇ ਗ੍ਰੀਨ ਪਾਰਟੀਆਂ ਦੂਰ-ਸੱਜੇ ਪੱਖੀ ਰਿਫੋਰਮ ਯੂ.ਕੇ. ਪਾਰਟੀ ਦੇ ਇੰਮੀਗ੍ਰੇਸ਼ਨ ਵਿਰੋਧੀ ਸੰਦੇਸ਼ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ | ਸਟਾਕਪੋਰਟ ਤੋਂ ਲੇਬਰ ਸੰਸਦ ਮੈਂਬਰ ਨਵੇਂਦੂ ਮਿਸ਼ਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸਾਡੀ ਰਾਜਨੀਤੀ ਵਿਚ ਨਸਲਵਾਦ ਦੀ ਕੋਈ ਜਗ੍ਹਾ ਨਹੀਂ ਹੈ, ਫਿਰ ਵੀ ਇੱਕ ਵਾਰ ਫਿਰ ਅਸੀਂ ਨਿੰਦਣਯੋਗ ਚਾਲਾਂ ਦੇਖ ਰਹੇ ਹਾਂ ਜੋ ਚੋਣ ਲਾਭ ਲਈ ਭਾਈਚਾਰਕ ਤਣਾਅ ਨੂੰ ਭੜਕਾਉਣ ਲਈ ਖ਼ਤਰਨਾਕ ਹਨ | ਬਿ੍ਟਿਸ਼ ਭਾਰਤੀ ਸੰਸਦ ਮੈਂਬਰ ਨੇ ਕਿਹਾ ਕਿ ਵੀਡੀਓ ਗੰਭੀਰ ਸਵਾਲ ਉਠਾਉਂਦਾ ਹੈ |