ਲੰਡਨ, 26 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਮਿਡਲੈਂਡ ਦੇ ਸ਼ਹਿਰ ਵਾਲਸਾਲ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਚ 'ਪੰਜਾਬੀ ਐਜੂਕੇਸ਼ਨ ਐਂਡ ਟੀਚਰ ਟਰੇਨਿੰਗ' (ਪੈੱਟ, ਯੂ.ਕੇ.) ਤੇ ਪ੍ਰਗਤੀਸ਼ੀਲ ਲਿਖਾਰੀ ਸਭਾ (ਯੂ.ਕੇ.) ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਉਨ੍ਹਾਂ ਦੇ ਮਾਪਿਆਂ ਤੇ ਸੰਗਤ ਨੇ ਉਤਸ਼ਾਹ ਨਾਲ ਹਿੱਸਾ ਲਿਆ | ਬੱਚਿਆਂ ਨੇ ਮਾਂ-ਬੋਲੀ ਨਾਲ ਸਬੰਧਤ ਕਵਿਤਾਵਾਂ ਪੜ੍ਹੀਆਂ ਤੇ ਭਾਸ਼ਨ ਦਿੱਤੇ | ਬਲਦੇਵ ਸਿੰਘ ਬੈਰਿਸਟਰ, ਜਗਦੇਵ ਸਿੰਘ ਮਾਵੀ ਜੇਲ੍ਹ ਗਵਰਨਰ, ਹਰਵਿੰਦਰ ਸਿੰਘ ਰਾਏ ਪੁਲਿਸ ਅਧਿਕਾਰੀ ਤੇ ਜਸਪਾਲ ਸਿੰਘ ਫ਼ਾਰਮਾਸਿਸਟ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਦੇ ਕਿੱਤਿਆਂ 'ਚ ਉਹ ਕਿਵੇਂ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਨ | ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਇਹ ਚਾਰੇ ਰੋਲ ਮਾਡਲ ਪੇਸ਼ ਕਰਨ ਦਾ ਮੁੱਖ ਮਕਸਦ ਬੱਚਿਆਂ ਤੇ ਮਾਪਿਆਂ ਨੂੰ ਪੰਜਾਬੀ ਭਾਸ਼ਾ ਲਈ ਉਤਸ਼ਾਹਿਤ ਕਰਨਾ ਸੀ ਤਾਂ ਕਿ ਉਹ ਜਾਣ ਸਕਣ ਕਿ ਪੰਜਾਬੀ ਕਿਉਂ ਜਰੂਰੀ ਹੈ ਤੇ ਇਸ ਨੂੰ ਸਿੱਖਣ ਦੇ ਕੀ-ਕੀ ਫ਼ਾਇਦੇ ਹਨ | ਉਹਨਾਂ ਕਿਹਾ ਕਿ ਯੂਨੀਵਰਸਿਟੀ 'ਚ ਦਾਖ਼ਲਾ ਲੈਣ ਵੇਲੇ ਪੰਜਾਬੀ ਭਾਸ਼ਾ ਦੇ 'ਏ' ਲੈਵਲ ਨੂੰ ਵੀ ਉਹੋ ਦਰਜਾ ਮਿਲਦਾ ਹੈ ਜੋ ਬਾਕੀ ਵਿਸ਼ਿਆਂ ਨੂੰ ਮਿਲਦਾ ਹੈ | ਗਿੱਲ ਨੇ ਯੂ.ਕੇ. 'ਚ ਪੰਜਾਬੀ ਭਾਸ਼ਾ ਲਈ 'ਪੈੱਟ' ਵਲੋਂ ਕੀਤੇ ਜਾਂਦੇ ਕਾਰਜਾਂ ਬਾਰੇ ਵੇਰਵੇ ਨਾਲ ਦੱਸਿਆ | ਨਿਰਮਲ ਸਿੰਘ ਕੰਧਾਲਵੀ ਨੇ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਮਨਾਉਣਾ ਕਿਉਂ ਜਰੂਰੀ ਹੈ ਬਾਰੇ ਵਿਚਾਰ ਪੇਸ਼ ਕੀਤੇ | ਬੀਬੀ ਸ਼ਰਨਜੀਤ ਕੌਰ ਢੇਸੀ ਨੇ ਆਪਣੀ ਲਾਹੌਰ ਫੇਰੀ ਤੇ ਪੰਜਾਬੀ ਕਾਨਫ਼ਰੰਸ 2025 ਬਾਰੇ ਆਪਣੀ ਗੱਲ ਕਹੀ | ਡਾ. ਜਗਤ ਸਿੰਘ ਨਾਗਰਾ ਤੇ ਡਾ. ਮੁਹਿੰਦਰ ਸਿੰਘ ਗਿੱਲ ਨੇ ਵੀ ਆਪਣਾ ਅਨੁਭਵ ਸਾਂਝਾ ਕੀਤਾ | ਸਟੇਜ ਸਕੱਤਰ ਪਰਮਿੰਦਰ ਸਿੰਘ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |