ਅੰਮਿ੍ਤਸਰ, 26 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਬਲੋਚਿਸਤਾਨ ਦੇ ਨੁਸ਼ਕੀ ਜ਼ਿਲ੍ਹੇ ਦੇ ਕਾਜ਼ੀਆਬਾਦ ਖੇਤਰ 'ਚ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਹੈੱਡਕੁਆਟਰ ਦੇ ਨੇੜੇ ਮੌਜੂਦ ਲਗਭਗ ਸਾਰੇ ਘਰ ਢਾਹ ਦਿੱਤੇ ਹਨ | ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਨ੍ਹਾਂ ਘਰਾਂ ਦੇ ਵਸਨੀਕਾਂ ਨੂੰ ਕਈ ਦਿਨ ਪਹਿਲਾਂ ਹੀ ਨੋਟਿਸ ਜਾਰੀ ਕਰ ਦਿੱਤੇ ਗਏ ਸਨ | ਇਹ ਮੰਨਿਆ ਜਾਂਦਾ ਹੈ ਕਿ ਆਈ. ਐੱਸ. ਆਈ. ਹੈੱਡਕੁਆਟਰ ਨੇੜੇ ਬਣੀਆਂ ਇਨ੍ਹਾਂ ਇਮਾਰਤਾਂ ਨਾਲ ਹਮਲੇ ਦਾ ਖ਼ਤਰਾ ਬਣਿਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਢਾਹ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਢਾਹੀਆਂ ਗਈਆਂ ਇਮਾਰਤਾਂ 'ਚੋਂ ਇਕ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਦੇ ਆਗੂ ਬਸ਼ੀਰ ਜ਼ੇਬ ਬਲੋਚ ਦਾ ਜੱਦੀ ਘਰ ਹੈ | ਇਸ ਤੋਂ ਇਲਾਵਾ ਕਈ ਰਾਜਨੀਤਕ ਹਸਤੀਆਂ ਦੇ ਘਰ ਵੀ ਢਾਹ ਦਿੱਤੇ ਗਏ ਹਨ | ਬੀ. ਐੱਲ. ਏ. ਦੁਆਰਾ ਆਪ੍ਰੇਸ਼ਨ ਹੋਰਾਫ ਤੋਂ ਬਾਅਦ ਪਾਕਿ ਨੇ ਇਹ ਕਾਰਵਾਈ ਕੀਤੀ ਹੈ | ਇਸ ਤੋਂ ਇਲਾਵਾ ਬਲੋਚਿਸਤਾਨ ਦੇ ਕੱਛ ਅਤੇ ਗਵਾਦਰ ਇਲਾਕਿਆਂ 'ਚ ਵੀ ਕਈ ਘਰ ਢਾਹੇ ਗਏ ਹਨ | ਨੁਸ਼ਕੀ ਦੇ ਕਾਜ਼ੀਆਬਾਦ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਹਰ ਰੋਜ਼ ਸ਼ਾਮ 6 ਵਜੇ ਤੋਂ ਬਾਅਦ ਕਰਫ਼ਿਊ ਲਗਾਉਣ ਦਾ ਫ਼ੈਸਲਾ ਕੀਤਾ ਹੈ | ਉੱਥੋਂ ਦੇ ਸਥਾਨਕ ਲੋਕਾਂ ਦੇ ਅਨੁਸਾਰ ਸੁਰੱਖਿਆ ਬਲਾਂ ਨੇ ਚਿਤਾਵਨੀ ਦਿੱਤੀ ਹੈ ਕਿ ਕਰਫ਼ਿਊ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਵਸਨੀਕ ਪਾਕਿ ਦੇ ਸਮਰਥਨ ਵਿਚ ਰੈਲੀਆਂ ਨਹੀਂ ਕਰਦੇ ਅਤੇ ਆਪਣੇ ਘਰਾਂ 'ਤੇ ਪਾਕਿਸਤਾਨੀ ਝੰਡਾ ਨਹੀਂ ਲਹਿਰਾਉਂਦੇ |