ਕੈਲਗਰੀ, 15 ਅਪ੍ਰੈਲ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸੰਗਤਾਂ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ 'ਤੇ ਵਿਸ਼ੇਸ਼ ਦੀਵਾਨ ਸਜਾਏ ਗਏ¢ਗੁਰਦੁਆਰਾ ਸਾਹਿਬ ਦੇ ਮੁੱਖ ਹਾਲ ਵਿਚ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਦੇਰ ਰਾਤ ਤੱਕ ਦੀਵਾਨ ਸਜਾਏ ਗਏ | ਇਸ ਸਮੇਂ ਸਮੂਹ ਪ੍ਰਸਿੱਧ ਕੀਰਤਨੀ ਜਥਿਆ, ਕਥਾਵਾਚਕ ਅਤੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ | ਇਸ ਸਮੇਂ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਗਰੇਵਾਲ, ਭਾਈ ਦਲਜੀਤ ਸਿੰਘ ਢਿੱਲੋਂ ਸਕੱਤਰ ਅਤੇ ਭਾਈ ਮਹਿੰਦਰ ਸਿੰਘ ਮਿਨਹਾਸ ਖਜ਼ਾਨਚੀ ਨੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਮਿਲ ਰਹੇ ਸਹਿਯੋਗ ਲਈ ਸੰਗਤਾਂ ਦਾ ਧੰਨਵਾਦ ਕੀਤਾ | ਅਲਬਰਟਾ ਵਿਧਾਨ ਸਭਾ ਵਿਚ ਵੀ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆ ਵਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ | ਇਹ ਪ੍ਰੋਗਰਾਮ ਵਿਧਾਨ ਸਭਾ ਦੇ ਸਪੀਕਰ ਰਿੱਕ ਮਾਈਕੈਵਰ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਕੈਲਗਰੀ ਅਤੇ ਐਡਮਿੰਟਨ ਤੋਂ ਪੰਜਾਬੀ ਮੂਲ ਦੇ ਮੋਹਤਬਰ ਵਿਅਕਤੀਆ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ, ਜਿਸ ਵਿਚ ਸਲਮਾ ਲਖਾਨੀ, ਅਲਬਰਟਾ ਦੀ ਲੈਫਟੀਨੈਂਟ ਗਵਰਨਰ, ਰਾਜਨ ਸਾਹਨੀ ਆਦਿਵਾਸੀ ਸੰਬੰਧਾਂ ਦੀ ਮੰਤਰੀ ਅਤੇ ਕੈਲਗਰੀ ਉੱਤਰ-ਪੱਛਮ ਤੋਂ ਵਿਧਾਇਕਾ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਨਾਹੀਦ ਕੇ. ਨੈਨਸ਼ੀ ਵਿਧਾਇਕ ਵੀ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ 'ਚ ਸ਼ਾਮਿਲ ਹੋਏ, ਜਿਨ੍ਹਾਂ ਆਪਣੇ ਭਾਸ਼ਣ ਸਮੇਂ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀ ਵਧਾਈ ਦਿੱਤੀ | ਅਲਬਰਟਾ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਵਲੋਂ ਵੀ ਲਿਖਤੀ ਬਿਆਨ ਵਿਚ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀ ਵਧਾਈ ਦਿੱਤੀ ਗਈ ਹੈ, ਜਿਸ 'ਚ ਉਨ੍ਹਾਂ ਸਿੱਖਾਂ ਵਲੋਂ ਅਲਬਰਟਾ ਵਿਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਅਲਬਰਟਾ ਅਤੇ ਦੁਨੀਆ ਭਰ ਵਿਚ ਸਿੱਖ ਅਤੇ ਪੰਜਾਬੀ ਭਾਈਚਾਰੇ ਵਾਸਤੇ ਬਹੁਤ ਅਹਿਮ ਹੈ | ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਮਾਰਗ 'ਤੇ ਚੱਲਦਿਆ ਸਿੱਖ ਗੁਰੂ ਸਾਹਿਬ ਵਲੋਂ ਚਲਾਈ ਰੀਤ ਨੂੰ ਅੱਗੇ ਤੋਰਿਆ ਹੋਇਆ ਹੈ |