ਨਿਊਯਾਰਕ, 15 ਅਪ੍ਰੈਲ (ਪੀ. ਟੀ. ਆਈ.)-ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ, ਮਿਸ਼ੇਲਿਨ-ਸਟਾਰ ਸ਼ੈੱਫ ਵਿਕਾਸ ਖੰਨਾ, ਬਾਲੀਵੁੱਡ ਅਦਾਕਾਰ ਰਣਬੀਰ ਕਪੂਰ, ਯੂਟਿਊਬ ਮੁਖੀ ਨੀਲ ਮੋਹਨ ਅਤੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੂੰ ਇਸ ਸਾਲ ਟਾਈਮ ਵਲੋਂ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ 'ਚ ਸ਼ਾਮਿਲ ਕੀਤਾ ਗਿਆ ਹੈ | ਟਾਈਮ ਨੇ ਬੁੱਧਵਾਰ ਨੂੰ '2026 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ' ਦੀ ਆਪਣੀ ਸੂਚੀ ਜਾਰੀ ਕੀਤੀ ਸੀ | ਸੂਚੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਪੋਪ ਲੀਓ 14ਵੇਂ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ 2026 ਦੇ ਆਰਟੇਮਿਸ-2 ਦੇ ਕਮਾਂਡਰ ਰੀਡ ਵਾਈਜ਼ਮੈਨ ਵਰਗੀਆਂ ਹਸਤੀਆਂ ਸ਼ਾਮਿਲ ਹਨ | ਟਾਈਮ 100 ਮੈਗਜ਼ੀਨ 'ਚ ਨਾਵਲਕਾਰ ਤਯਾਰੀ ਜੋਨਸ ਵਲੋਂ ਕਲਪਨਾ ਕੀਤਾ ਗਿਆ ਇਕ ਪਾਤਰ, ਸ਼ੈੱਫ ਵਿਕਾਸ ਖੰਨਾ ਵਲੋਂ ਤਿਆਰ ਕੀਤਾ ਗਿਆ ਇਕ ਭੋਜਨ, ਫੋਟੋਗ੍ਰਾਫਰ ਲਿੰਸੀ ਅਡਾਰੀਓ ਵਲੋਂ ਕੈਦ ਕੀਤਾ ਗਿਆ ਇਕ ਪਲ, ਜਿਸ ਦੀਆਂ ਤਸਵੀਰਾਂ ਅਫ਼ਗਾਨਿਸਤਾਨ ਯੁੱਧ ਤੋਂ ਬਾਅਦ ਟਾਈਮ 'ਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ, ਵੀ ਸ਼ਾਮਿਲ ਹਨ | ਟਾਈਮ ਨੇ ਕਿਹਾ ਕਿ ਅਸੀਂ ਇਸ ਸਾਲ ਦੀ ਸੂਚੀ 'ਚ ਉਲੰਪੀਅਨਾਂ ਦੀ ਬਹਾਦਰੀ ਤੋਂ ਪ੍ਰੇਰਿਤ ਹਾਂ, ਜਿਸ 'ਚ ਅਲੀਸਾ ਲਿਊ, ਹਿਲੇਰੀ ਨਾਈਟ ਅਤੇ ਕਲੋਏ ਕਿਮ ਸ਼ਾਮਿਲ ਹਨ, ਜਦੋਂਕਿ ਅਸੀਂ ਕਿਰਨ ਮੁਸੁਨੁਰੂ ਅਤੇ ਰੇਬੇਕਾ ਅਹਰੇਂਸ-ਨਿਕਲਸ ਵਰਗੇ ਡਾਕਟਰਾਂ ਦੀ ਪ੍ਰਤਿਭਾ ਤੋਂ ਵੀ ਪ੍ਰੇਰਿਤ ਹਾਂ | ਪ੍ਰਭਾਵ, ਜਿਵੇਂ ਕਿ ਅਸੀਂ ਅਕਸਰ ਕਹਿੰਦੇ ਹਾਂ, ਦੀ ਕੋਈ ਉਮਰ ਦੀ ਲੋੜ ਨਹੀਂ ਹੈ | ਇਸ ਸੂਚੀ 'ਚ 96 ਸਾਲਾ ਹੁਏਰਟਾ ਅਤੇ 35 ਸਾਲਾ ਬਲੇਂਦਰ ਸ਼ਾਹ ਵੀ ਸ਼ਾਮਿਲ ਹਨ, ਜੋ 'ਜ਼ੈਨ ਜੀ' ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਨਿਪਾਲ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਨ |