ਹਾਜੀਪੁਰ, 15 ਅਪ੍ਰੈਲ (ਜੋਗਿੰਦਰ ਸਿੰਘ)-ਹਾਜੀਪੁਰ-ਤਲਵਾੜਾ ਸੜਕ ਤੋਂ ਪਿੰਡ ਨਿੱਕੂਚੱਕ ਦਾਤਾਰਪੁਰ ਨੂੰ ਜਾਣ ਵਾਲੀ ਸੜਕ 'ਤੇ ਪਏ ਖੱਡੇ ਕਰਕੇ ਹਰ ਸਮੇਂ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ | ਦੇਖਣ ਵਿਚ ਆਇਆ ਹੈ ਕਿ ਹਾਜੀਪੁਰ-ਤਲਵਾੜਾ ਸੜਕ ਤੋਂ ਨਿੱਕੂਚੱਕ ਨੂੰ ਜਾਣ ਵਾਲੀ ਸੜਕ 'ਤੇ ਸੜਕ ਬੈਠ ਗਈ ਹੈ ਤੇ ਜ਼ਮੀਨ ਹੇਠਾਂ ਧਸਣ ਕਰਕੇ ਬਹੁਤ ਡੂੰਘਾ ਖੱਡਾ ਬਣ ਗਿਆ ਹੈ, ਜਿਸ ਕਰਕੇ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ | ਇਸ ਸੜਕ 'ਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਦੋ ਪਹੀਆ ਵਾਹਨ ਚਾਲਕ ਤੇ ਪੈਦਲ ਜਾਣ ਵਾਲੇ ਲੋਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ | ਰਾਤ ਸਮੇਂ ਹਾਦਸਾ ਹੋਣ ਦਾ ਖ਼ਤਰਾ ਹੋਰ ਵਧ ਜਾਂਦਾ ਹੈ ਪਰ ਸਬੰਧਿਤ ਵਿਭਾਗ ਅਣਜਾਣ ਬਣਿਆ ਹੋਇਆ ਹੈ ਤੇ ਹਾਦਸਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ | ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਦਾ ਸਬੰਧਿਤ ਵਿਭਾਗ ਤੋਂ ਮੰਗ ਹੈ ਕਿ ਖੱਡੇ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ |