ਸਾਨ ਫਰਾਂਸਿਸਕੋ, 21 ਅਪ੍ਰੈਲ (ਐਸ. ਅਸ਼ੋਕ ਭੌਰਾ)-ਇੰਡੀਅਨਾਂ ਸਟੇਟ ਪੁਲਿਸ ਨੇ ਪੁਟਨਮ ਕਾਉਂਟੀ 'ਚ ਪੈਂਦੇ ਸ਼ਹਿਰ ਕਲੋਵਰਡੇਲ 'ਚ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਵੱਡੀ ਮਾਤਰਾ 'ਚ ਕੋਕੀਨ ਲਿਜਾ ਰਿਹਾ ਸੀ | ਪੁਲਿਸ ਸੂਤਰਾਂ ਅਨੁਸਾਰ ਕਲੋਵਰਡੇਲ ਦੇ ਨੇੜੇ ਇੰਟਰਸਟੇਟ 70 ਈਸਟਬਾਉਂਡ ਮਾਰਗ 'ਤੇ ਇਕ ਵਪਾਰਕ ਟਰੱਕ ਨੂੰ ਪੁਲਿਸ ਨੇ ਇਸ ਕਰ ਕੇ ਰੋਕਿਆ ਕਿ ਡਰਾਈਵਰ ਨਿਰਧਾਰਿਤ ਗਤੀ ਤੋਂ ਕਿਤੇ ਵੱਧ ਤੇਜ਼ੀ ਨਾਲ ਟਰੱਕ ਚਲਾ ਰਿਹਾ ਸੀ | ਰੋਕਣ 'ਤੇ ਪੁਲਿਸ ਨੂੰ ਕਈ ਅਜਿਹੇ ਸ਼ੱਕੀ ਸੰਕੇਤ ਮਿਲੇ ਜੋ ਟਰਾਂਸਪੋਰਟ ਦੇ ਮਿਆਰਾਂ ਨਾਲ ਮੇਲ ਨਹੀਂ ਖਾਂਦੇ ਸਨ | ਜਦੋਂ ਵਾਹਨ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 392 ਪੌਂਡ (178 ਕਿੱਲੋ ਗ੍ਰਾਮ) ਅਜਿਹਾ ਪਦਾਰਥ ਮਿਲਿਆ ਜੋ ਕੋਕੀਨ ਹੋਣ ਦਾ ਸ਼ੱਕ ਹੈ | ਜਿਸਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਅੰਦਾਜ਼ਨ 90 ਲੱਖ ਡਾਲਰ ਦੱਸੀ ਜਾ ਰਹੀ ਹੈ | ਇੰਡਿਆਨਾ ਸਟੇਟ ਪੁਲਿਸ ਨੇ ਕੈਲੀਫੋਰਨੀਆ ਦੇ ਬੇਕਰਸਫੀਲਡ ਦੇ ਰਹਿਣ ਵਾਲੇ ਸੈਮੀ ਡਰਾਈਵਰ, 27 ਸਾਲਾ ਟਰੱਕ ਡਰਾਈਵਰ ਹਰਮਨਦੀਪ ਸਿੰਘ ਨੂੰ ਗਿ੍ਫ਼ਤਾਰੀ ਪਿੱਛੋਂ ਪੁਟਨਮ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ ਹੈ |