ਕੈਲਗਰੀ, 6 ਮਈ (ਜਸਜੀਤ ਸਿੰਘ ਧਾਮੀ)-ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ 9 ਮਈ ਦਿਨ ਸਨਿਚਰਵਾਰ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਇਹ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਗਰੇਵਾਲ, ਭਾਈ ਰਣਬੀਰ ਸਿੰਘ ਪਰਮਾਰ ਚੇਅਰਮੈਨ ਤੇ ਭਾਈ ਦਲਜੀਤ ਸਿੰਘ ਢਿੱਲੋਂ ਜਨਰਲ ਸਕੱਤਰ ਹੁਰਾਂ ਗੱਲਬਾਤ ਕਰਦਿਆਂ ਦਿੱਤੀ | ਉਨਾਂ ਕਿਹਾ ਕਿ 7 ਮਈ ਨੂੰ ਮਹਾਨ ਕੀਰਤਨ ਦਰਬਾਰ ਹੋਵੇਗਾ, ਜਿਸ 'ਚ ਭਾਈ ਬਲਜੀਤ ਸਿੰਘ, ਭਾਈ ਹਰਪਾਲ ਸਿੰਘ, ਭਾਈ ਸਿੰਦਰਪਾਲ ਸਿੰਘ, ਭਾਈ ਵਿਕਰਮਜੀਤ ਸਿੰਘ, ਭਾਈ ਕਰਨਜੀਤ ਸਿੰਘ ਤੇ ਭਾਈ ਕਮਲਜੀਤ ਸਿੰਘ ਰਬਾਬੀ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ | ਇਸੇ ਤਰ੍ਹਾਂ 8 ਮਈ ਨੂੰ ਮਹਾਨ ਢਾਡੀ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ | ਇਸ ਸਮੇਂ ਗਿਆਨੀ ਤਰਲੋਚਨ ਸਿੰਘ ਭਮੱਦੀ, ਗਿਆਨੀ ਗੁਰਿੰਦਰ ਸਿੰਘ ਬੈਂਸ, ਗਿਆਨੀ ਗੁਰਪ੍ਰੀਤ ਸਿੰਘ ਬੱਧਨੀ ਤੇ ਬੀਬੀ ਵੀਰਪਾਲ ਕੌਰ ਸਮਾਲਸਰ ਵੀ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੇ | 9 ਮਈ ਨੂੰ ਨਗਰ ਕੀਰਤਨ 9.30 ਵਜੇ ਸਵੇਰੇ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਵੇਗਾ | ਦਿਨ ਵੇਲੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਬਾਅਦ ਦੁਪਿਹਰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ |