ਲੰਡਨ, 29 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੈੱਡਫੋਰਡ ਸਥਿਤ ਸਮਾਜ ਸੇਵੀ ਸੰਸਥਾ 'ਸੇਵਾ ਟਰੱਸਟ ਯੂ ਕੇ' ਵੱਲੋਂ ਇੰਗਲੈਂਡ ਤੇ ਭਾਰਤ ਵਿਚ ਲੋੜਵੰਦ ਲੋਕਾਂ ਲਈ ਕੀਤੀਆਂ ਜਾਂਦੀਆਂ ਸੇਵਾਵਾਂ ਲਈ ਕਾਰਪੋਰੇਟ ਲਾਈਵ ਵਾਇਰ ਪ੍ਰੈਸਟੀਜ ਐਵਾਰਡ ਟੀਮ ਵਲੋਂ 'ਗੈਰ-ਮੁਨਾਫ਼ਾ ਸੰਗਠਨ (ਐਨ.ਪੀ.ਓ.) ਆਫ ਦਿ ਈਅਰ 2026' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | 'ਸੈਂਟਰਲ ਇੰਗਲੈਂਡ ਪ੍ਰੈਸਟੀਜ ਅਵਾਰਡਜ਼ ਰਾਸ਼ਟਰੀ ਈਵੈਂਟ' ਮੂਰ ਹਾਲ ਹੋਟਲ, ਬ੍ਰਮਿੰਘਮ ਵਿਖੇ ਕਰਵਾਇਆ ਗਿਆ | ਸੇਵਾ ਟਰੱਸਟ ਦੇ ਸੰਸਥਾਪਕ ਤੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਐਮ.ਬੀ.ਈ., ਵਾਈਸ ਚੇਅਰ ਡਾ: ਬਲਜੀਤ ਕੌਰ ਉਪਾਧਿਆਏ, ਟਰੱਸਟੀ ਸਤਨਾਮ ਸਿੰਘ ਗਲਸੀਨ ਤੇ ਜ਼ਿਲ੍ਹਾ ਕੋਆਰਡੀਨੇਟਰ ਸ਼ਮਿੰਦਰ ਸਿੰਘ ਗਰਚਾ ਨੇ ਇਹ ਸਨਮਾਨ ਪ੍ਰਾਪਤ ਕਰਦਿਆਂ, ਸੇਵਾ ਟਰੱਸਟ ਦੇ ਸਾਰੇ ਵਲੰਟੀਅਰਾਂ ਤੇ ਸਹਿਯੋਗੀ ਭਾਈਵਾਲਾਂ ਦਾ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਇਹ ਪੁਰਸਕਾਰ ਸਾਰੇ ਵਲੰਟੀਅਰਾਂ ਤੇ ਸਹਿਯੋਗੀ ਭਾਈਵਾਲਾਂ ਖਾਸ ਕਰਕੇ ਸਾਡੇ ਪੰਜਾਬ ਤੇ ਹਰਿਆਣਾ ਓਪਰੇਸ਼ਨ ਚੇਅਰਮੈਨ ਨਰੇਸ਼ ਮਿੱਤਲ, ਟਰੱਸਟੀਆਂ ਤੇ ਪ੍ਰੋਜੈਕਟ ਡਿਲੀਵਰੀ ਟੀਮਾਂ ਨੂੰ ਸਮਰਪਿਤ ਕਰਦੇ ਹਾਂ | ਪ੍ਰੈਸਟੀਜ ਐਵਾਰਡਜ਼ ਟੀਮ ਦੇ ਡਾਇਰੈਕਟਰ ਜੈਕਬ ਬ੍ਰਾਊਨ ਨੇ ਕਿਹਾ ਕਿ ਪੁਰਸਕਾਰ ਚੋਣ ਦੇ ਜੱਜਾਂ ਦੀ ਟੀਮ ਇੰਗਲੈਂਡ ਤੇ ਭਾਰਤ 'ਚ ਪਛੜੇ ਪਰਿਵਾਰਾਂ ਤੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਵਾਲੇ ਬਹੁਤ ਪ੍ਰਭਾਵਸ਼ਾਲੀ ਭਲਾਈ ਪ੍ਰੋਜੈਕਟਾਂ ਤੋਂ ਪ੍ਰਭਾਵਿਤ ਹੋਏ, ਖਾਸ ਕਰਕੇ ਡਚੇਨ ਮਸਕੂਲਰ ਡਿਸਟ੍ਰੋਫੀ (ਡੀ.ਐਮ.ਡੀ.) ਵਾਲੇ ਬੱਚਿਆਂ ਲਈ ਉੱਤਰੀ ਭਾਰਤ ਦਾ ਪਹਿਲਾ ਮੁਫਤ ਮਲਟੀ-ਫੈਸਿਲਿਟੀ ਹੋਮ ਸਥਾਪਤ ਕਰਨਾ, ਪੰਜਾਬ ਤੇ ਹਰਿਆਣਾ 'ਚ ਵੱਖ-ਵੱਖ ਪ੍ਰਾਜੈਕਟਾਂ ਰਾਹੀਂ 100,000 ਤੋਂ ਵੱਧ ਪਰਿਵਾਰਾਂ ਤੇ ਵਿਦਿਆਰਥੀਆਂ ਦੀ ਮਦਦ ਕਰਨਾ ਆਦਿ ਵੱਡੀ ਪ੍ਰਾਪਤੀ ਹੈ |