ਵੈਨਕੂਵਰ, 5 ਜੂਨ (ਮਲਕੀਤ ਸਿੰਘ)-ਸਰੀ ਪੁਲਿਸ ਸੇਵਾ ਦੇ ਮੁਖੀ ਨੌਰਮ ਲਿਪਿਨਸਕੀ ਦੀ ਅਚਾਨਕ ਵਿਦਾਈ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ ਹਨ | ਇਹ ਤਬਦੀਲੀ ਉਸ ਸਮੇਂ ਹੋਈ ਹੈ ਜਦੋਂ ਸਰੀ ਸ਼ਹਿਰ ਗੈਂਗ ਹਿੰਸਾ, ਧਮਕੀਆਂ ਰਾਹੀਂ ਵਸੂਲੀ ਅਤੇ ਸੰਗਠਿਤ ਅਪਰਾਧ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਜਾਣਕਾਰੀ ਅਨੁਸਾਰ ਸਰੀ ਪੁਲਿਸ ਬੋਰਡ ਨੇ ਹਾਲ ਹੀ ਵਿੱਚ ਲਿਪਿਨਸਕੀ ਦੀ ਸੇਵਾ ਸਮਾਪਤ ਕਰਨ ਦਾ ਐਲਾਨ ਕੀਤਾ ਸੀ | ਇਸ ਤੋਂ ਬਾਅਦ ਲਿਪਿਨਸਕੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬਿਨਾਂ ਕਾਰਨ ਦੱਸੇ ਅਹੁਦੇ ਤੋਂ ਹਟਾਇਆ ਗਿਆ ਹੈ | ਇਸ ਮਾਮਲੇ ਨੇ ਪੁਲਿਸ ਪ੍ਰਬੰਧਨ ਅਤੇ ਪੁਲਿਸ ਬੋਰਡ ਦੀ ਕਾਰਵਾਈ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਬਦੀਲੀ ਦਾ ਪ੍ਰਭਾਵ ਸਰੀ ਪੁਲਿਸ ਸੇਵਾ ਦੀ ਭਵਿੱਖੀ ਕਾਰਜਪ੍ਰਣਾਲੀ ਅਤੇ ਅਪਰਾਧ ਵਿਰੋਧੀ ਰਣਨੀਤੀਆਂ 'ਤੇ ਪੈ ਸਕਦਾ ਹੈ |