ਲੈਸਟਰ (ਇੰਗਲੈਂਡ), 7 ਜੂਨ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਸਿੱਧ ਭਾਰਤੀ ਮੂਲ ਦੇ ਕਾਮੇਡੀਅਨ ਨਿਸ਼ ਕੁਮਾਰ ਦਾ ਇਕ ਤਾਜ਼ਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਤੇ ਸਨਮਾਨ ਕਿਸੇ ਵੀ ਕਾਮੇਡੀਅਨ ਦੀ ਨਿੱਜੀ ਪਸੰਦ ਜਾਂ ਨਾਪਸੰਦ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ | 40 ਸਾਲਾ ਨਿਸ਼ ਕੁਮਾਰ ਨੇ ਕਿਹਾ ਕਿ ਕਾਮੇਡੀ ਦਾ ਇਸਤੇਮਾਲ ਕਿਸੇ ਕਮਜ਼ੋਰ ਜਾਂ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੋਣਾ ਚਾਹੀਦਾ | ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵਧ ਰਹੇ ਪੱਖਪਾਤ ਅਤੇ ਨਫ਼ਰਤ ਪ੍ਰਤੀ ਚੁੱਪ ਰਹਿਣਾ ਠੀਕ ਨਹੀਂ ਤੇ ਜਨਤਕ ਜੀਵਨ ਨਾਲ ਜੁੜੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਦੇ ਖ਼ਿਲਾਫ਼ ਆਵਾਜ਼ ਉਠਾਉਣ | ਕੇਰਲਾ ਮੂਲ ਦੇ ਪਰਿਵਾਰ ਨਾਲ ਸਬੰਧਤ ਨਿਸ਼ ਕੁਮਾਰ ਨੇ ਆਪਣੇ ਪਰਿਵਾਰ ਦੇ ਤਜਰਬਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਭਾਰਤੀ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਨੂੰ ਵੀ ਨਸਲੀ ਪੱਖਪਾਤ ਦਾ ਸਾਹਮਣਾ ਕਰਨਾ ਪਿਆ ਸੀ | ਉਨ੍ਹਾਂ ਕਿਹਾ ਕਿ ਅੱਜ ਵੀ ਸਮਾਜ ਦੇ ਕਈ ਵਰਗ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਤੇ ਸਾਰਿਆਂ ਨੂੰ ਇਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ | ਨਿਸ਼ ਕੁਮਾਰ ਨੇ ਕਿਹਾ ਕਿ ਕਾਮੇਡੀ ਸਿਰਫ਼ ਹਾਸੇ-ਮਜ਼ਾਕ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਲੋਕਾਂ ਦੀ ਸੋਚ ਤੇ ਸਮਾਜਿਕ ਮਾਹੌਲ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਗੱਲ ਨੈਤਿਕ ਤੌਰ 'ਤੇੇ ਗਲਤ ਲੱਗਦੀ ਹੈ ਤਾਂ ਉਸ ਖ਼ਿਲਾਫ਼ ਬੋਲਣਾ ਜ਼ਰੂਰੀ ਹੈ | ਨਿਸ਼ ਕੁਮਾਰ ਇਸ ਸਾਲ ਆਪਣੇ ਨਵੇਂ ਸਟੈਂਡਅਪ ਸ਼ੋਅ 'ਐਂਗਰੀ ਹਿਊਮਰ ਫਰਾਮ ਏ ਰੀਅਲੀ ਨਾਈਸ ਗਾਇ' ਨਾਲ ਬਰਤਾਨੀਆ ਤੇ ਆਇਰਲੈਂਡ ਦੇ ਦੌਰੇ 'ਤੇ ਵੀ ਜਾ ਰਹੇ ਹਨ |