ਐਬਟਸਫੋਰਡ, 15 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਵਾਟਕਮੁ ਕਾਊਂਟੀ ਵਿਖੇ ਸਥਿਤ ਟਵਿਨ ਸਿਸਟਰਜ਼ ਮਾਊਂਟੇਨ ’ਤੇ ਹਾਈਕਿੰਗ ਕਰਨ ਗਏ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੈਮਲੂਪਸ ਨਿਵਾਸੀ ਪੰਜਾਬੀ ਪਰਬਤਰੋਹੀ ਗੁਰਸਿਮਰਨ ਸਿੰਘ ਰੰਧਾਵਾ ਦੀ ਪੁਲਿਸ ਨੂੰ ਲਾਸ਼ ਮਿਲੀ ਹੈ। ਉਹ 34 ਵਰ੍ਹਿਆਂ ਦਾ ਸੀ। ਗੁਰਸਿਮਰਨ ਸਿੰਘ ਰੰਧਾਵਾ ਜੂਨ ਦੇ ਆਖ਼ਰੀ ਹਫ਼ਤੇ ਹਾਈਕਿੰਗ ਕਰਨ ਵਾਸਤੇ ਕੈਨੇਡਾ ਤੋਂ ਅਮਰੀਕਾ ਗਿਆ ਸੀ ਤੇ 29 ਜੂਨ ਨੂੰ ਉਸ ਨੇ ਵਾਪਿਸ ਕੈਮਲੂਪਸ ਪਰਤਣਾ ਸੀ ਪਰ 28 ਜੂਨ ਨੂੰ ਉਹ ਭੇਦਭਰੇ ਢੰਗ ਨਾਲ ਲਾਪਤਾ ਹੋ ਗਿਆ ਸੀ ਤੇ ਵਾਟਕਮ ਕਾਊਂਟੀ ਦੀ ਪੁਲਿਸ ਤੇ ਰੈਸਕਿਊ ਟੀਮ ਉਸ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ। ਇਸ ਦੌਰਾਨ ਮਿਡਲ ਫੋਰਕ ਰੋਡ ’ਤੇ ਖੜ੍ਹਾ ਉਸ ਦਾ ਵਾਹਨ ਮਿਲ ਗਿਆ ਪਰ ਗੁਰਸਿਮਰਨ ਦੀ ਲਾਸ਼ ਪੁਲਿਸ ਨੂੰ ਮਿਲੀ ਹੈ। ਵਾਟਕਮ ਕਾਊਂਟੀ ਦੀ ਪੁਲਿਸ ਗੁਰਸਿਮਰਨ ਸਿੰਘ ਰੰਧਾਵਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।