ਲਾਸ ਏਂਜਲਸ, 15 ਜੁਲਾਈ (ਅਜੀਤ ਬਿਊਰੋ)-ਇਥੋਂ ਨਜ਼ਦੀਕ ਬੇਕਰਸਫੀਲਡ ਸ਼ਹਿਰ ਵਿੱਚ ਜਤਿੰਦਰ ਤੂਰ,ਗੁਰਪ੍ਰੀਤ ਤੂਰ ਤੇ ਉਹਨਾਂ ਦੀ ਕਾਰੋਬਾਰੀ ਸੰਸਥਾ ਵੱਲੋਂ ਪੰਜਾਬੀ ਦੇ ਨਾਮਵਰ ਲੇਖਕ ਤੇ ਪੱਤਰਕਾਰ ਐਸ ਅਸ਼ੋਕ ਭੌਰਾ ਨਾਲ ਹਾਰਟ ਆਫ ਇੰਡੀਆ ਵਿਖੇ ਇੱਕ ਰੂ-ਬ-ਰੂ ਸਮਾਗਮ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ‘ਤੇ ਬੋਲਦਿਆਂ ਸ੍ਰੀ ਭੌਰਾ ਨੇ ਆਪਣੀ ਲੇਖਣੀ ਦੇ ਕਰੀਬ 49 ਸਾਲਾਂ ਦਾ ਸਾਹਿਤਕ ਤੇ ਪੱਤਰਕਾਰੀ ਸਫਰ ਤੇ ਰੋਜਾਨਾ ‘ਅਜੀਤ’ ਨਾਲ ਏਨਾ ਹੀ ਸਮਾਂ ਗੁਜਾਰਨ ਬਾਰੇ ਮਾਣ ਨਾਲ ਦੱਸਿਆ ਤੇ ਹਾਲ ਹੀ ਵਿੱਚ ਉਸ ਦੀ ਰਿਲੀਜ਼ ਹੋਈ ਪੁਸਤਕ ‘ਪੰਜਾਬੀ ਰੂਟਸ ਅਮਰੀਕਨ ਡਰੀਮਸ’ਬਾਰੇ ਵੀ ਵਿਸਥਾਰ ‘ਚ ਗੱਲ ਕਰਦਿਆ ਕਿਹਾ ਕਿ ਅਮਰੀਕਾ ਦੇ ਸਫਲ ਕਾਰੋਬਾਰੀਆਂ ਬਾਰੇ ਇਹ ਸਚਿੱਤਰ ਪੁਸਤਕ ਇੱਕ ਇਤਿਹਾਸਿਕ ਦਸਤਾਵੇਜ ਹੈ।ਸ੍ਰੀ ਭੋਰਾ ਨੇ ਆਪਣੀ ਆਪਣੇ ਗੀਤਾਂ,ਕਵਿਤਾਵਾਂ ਤੇ ਚੋਣਵੇਂ ਵਾਰਤਿਕ ਰੰਗ ਪੇਸ਼ ਕਰਕੇ ਹਾਜ਼ਰ ਪੰਜਾਬੀਆਂ ਦਾ ਦਿਲ ਜਿੱਤ ਲਿਆ।ਇਸ ਮੌਕੇ ਤੇ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਕੌਰ ਉਦਾਸੀ ਨੇ ‘ਤੂੰ ਮਘਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ,….’ਗਾ ਕੇ ਮਾਹੌਲ ਨੂੰ ਗੰਭੀਰ ਬਣਾਇਆ।ਗੀਤਕਾਰ ਜਰਨੈਲ ਘੋਲੀਆ ਦੇ ਗੀਤਾਂ ਦੀ ਚਰਚਾ ਵੀ ਖੂਬ ਰਹੀ।ਪ੍ਰੋਗਰਾਮ ਦੇ ਮੇਜ਼ਬਾਨ ਜਤਿੰਦਰ ਤੂਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਤੇ ਸ਼੍ਰੀ ਭੋਰਾ ਦੇ ਜੀਵਨ ਸਬੰਧੀ ਤੇ ਆਪਣੀ ਸਾਂਝੀ ਪਾਕਿਸਤਾਨ ਯਾਤਰਾ ਬਾਰੇ ਵੀ ਵਿਸਤਾਰ ‘ਚ ਦੱਸਿਆ। ਇਸ ਮੌਕੇ ‘ਤੇ ਹਾਜ਼ਰ ਸਖਸ਼ੀਅਤਾਂ ਵਿੱਚ ਗੁਰਤੇਜ ਖੋਸਾ,ਜਰਨੈਲ ਘੋਲੀਆ,ਇੰਦਰਜੀਤ ਦਿਓਲ,ਕੁਲਵੰਤ ਸਿੰਘ ਸੁੰਨੜ,ਅਮਰਜੀਤ ਸਿੰਘ ਗਿੱਲ,ਬਲਜੀਤ ਗਿੱਲ,ਸੁਖਦੇਵ ਬਦੇਸ਼ਾ,ਕਿਰਨਦੀਪ ਚਾਹਲ ਸਰਪੰਚ,ਲਖਵਿੰਦਰ ਬਰਾੜ,ਰਾਜਾ ਸੰਘਾ,ਇਕਬਾਲ ਗਿੱਲ,ਅਵਤਾਰ ਬਰਾੜ ,ਅੰਗਰੇਜ਼ ਬਰਾੜ,ਕੰਨਵਰਪਾਲ ਬਰਾੜ,ਜਸਵੰਤ ਤੂਰ,ਲਖਵਿੰਦਰ ਕੋਟਕਪੂਰਾ,ਹਰਪ੍ਰੀਤ ਕੰਗ ,ਸਵਰਨਜੀਤ ਸਿੰਘ,ਗਗਨਦੀਪ ਗਿੱਲ,ਜਗਸੀਰ ਸਰਾ ਤੋਂ ਸਿਵਾ ਬਲਵਿੰਦਰ ਕੌਰ ਤੂਰ, ਕੁਲਵਿੰਦਰ ਕੌਰ ਤੂਰ,ਸਵਰਨਜੀਤ ਕੌਰ,ਮਨਦੀਪ ਕੌਰ ਖੋਸਾ,ਮਨਜੀਤ ਕੌਰ ਤੂਰ, ਅਮਰਜੀਤ ਕੌਰ ਸਿਵੀਆ ਅਤੇ ਪਰਮਜੀਤ ਕੌਰ ਕਾਹਲੋਂ ਹਾਜ਼ਰ ਸਨ। ਮੰਚ ਸੰਚਾਲਨ ਜਤਿੰਦਰ ਤੂਰ ਨੇ ਕੀਤਾ।