ਗਲਾਸਗੋ, 18 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਸਕਾਟਲੈਂਡ ਦੇ ਕੈਰਨਗੋਰਮਜ਼ ਨੈਸ਼ਨਲ ਪਾਰਕ ਵਿੱਚ ਲੱਗੀ ਜੰਗਲੀ ਅੱਗ ਕਈ ਦਿਨਾਂ ਬਾਅਦ ਵੀ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਆ ਸਕੀ। ਅੱਗ ਨੇਥੀ ਬ੍ਰਿਜ ਨੇੜੇ ਰਾਇਵੋਆਨ ਬੋਥੀ ਇਲਾਕੇ ਵਿੱਚ ਲੱਗੀ ਸੀ ਅਤੇ ਗਰਮ, ਸੁੱਕੇ ਮੌਸਮ ਤੇ ਤੇਜ਼ ਹਵਾਵਾਂ ਕਾਰਨ ਤੇਜ਼ੀ ਨਾਲ ਫੈਲ ਗਈ। ਅੱਗ ਨੇ ਕਰੀਬ 6 ਵਰਗ ਕਿਲੋਮੀਟਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਵੱਡੇ ਪੱਧਰ ’ਤੇ ਹੀਥਲੈਂਡ, ਝਾੜੀਆਂ ਅਤੇ ਜੰਗਲੀ ਇਲਾਕਾ ਸੜ ਗਿਆ, ਜਦਕਿ ਕਈ ਦੁਰਲੱਭ ਪੌਦਿਆਂ ਅਤੇ ਜੰਗਲੀ ਜੀਵਾਂ ਦੇ ਆਵਾਸ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਅੱਗ ’ਤੇ ਕਾਬੂ ਪਾਉਣ ਲਈ ਸਕਾਟਲੈਂਡ ਦੇ ਅੱਗ ਬੁਝਾਊ ਦਸਤੇ ਦੀਆਂ ਕਈ ਟੀਮਾਂ, ਹੈਲੀਕਾਪਟਰਾਂ ਰਾਹੀਂ ਪਾਣੀ ਦੀਆਂ ਬੁਛਾੜਾਂ, ਸਥਾਨਕ ਕਿਸਾਨਾਂ ਅਤੇ ਸਵੈਸੇਵਕਾਂ ਦੀ ਮਦਦ ਲਈ ਜਾ ਰਹੀ ਹੈ। ਫਾਇਰਬ੍ਰੇਕ ਬਣਾਕੇ ਅੱਗ ਦੇ ਫੈਲਾਅ ਨੂੰ ਰੋਕਣ ਦੀ ਕੋਸ਼ਿਸ਼ ਜਾਰੀ ਹੈ। ਸੁਰੱਖਿਆ ਦੇ ਮੱਦੇਨਜ਼ਰ ਗਲੇਨਮੋਰ ਅਤੇ ਲੌਖ ਮੋਰਲਿਖ ਦੇ ਆਲੇ-ਦੁਆਲੇ ਦੇ ਕੁਝ ਇਲਾਕੇ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਪ੍ਰਭਾਵਿਤ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਅੱਗ ਅਜੇ ਵੀ ਕਈ ਥਾਵਾਂ ’ਤੇ ਭੜਕ ਰਹੀ ਹੈ ਅਤੇ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਆਈ।