ਸੈਕਰਾਮੈਂਟੋ, 21 ਜੁਲਾਈ (ਹੁਸਨ ਲੜੋਆ ਬੰਗਾ)-4,500 ਤੋਂ ਵੱਧ ਗੂਗਲ ਕਰਮਚਾਰੀਆਂ ਨੇ ਸੀ.ਈ.ਓ. ਸੁੰਦਰ ਪਿਚਾਈ ਨੂੰ ਛਾਂਟੀ ਨੂੰ ਲੈ ਕੇ ਇਕ ਮੰਗ ਪੱਤਰ ਸੌਂਪਿਆ ਹੈ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਕੰਪਨੀ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ’ਚ ਨਿਵੇਸ਼ ਕਰਦੇ ਸਮੇਂ ਕਰਮਚਾਰੀਆਂ ਨੂੰ ਨੌਕਰੀ ਸੁਰੱਖਿਆ ਮਿਲਣੀ ਚਾਹੀਦੀ ਹੈ| ਅਲਫਾਬੇਟ ਵਰਕਰਜ਼ ਯੂਨੀਅਨ ਵਲੋਂ ਤਿਆਰ ਇਸ ਮੰਗ ਪੱਤਰ ’ਚ ਗਾਰੰਟੀਸ਼ੁਦਾ ਛਾਂਟੀ, ਉਤਪਾਦ ਟੀਮਾਂ ’ਚ ਲਾਜ਼ਮੀ ਛਾਂਟੀ ਤੋਂ ਪਹਿਲਾਂ ਸਵੈ-ਇੱਛਤ ਸੇਵਾ ਮੁਕਤੀ ਦਾ ਵਿਕਲਪ, ਵਧੀ ਹੋਈ ਤਨਖਾਹ ਨਾਲ ਛਾਂਟੀ ਪ੍ਰਾਪਤ ਕਰਨ ਦਾ ਵਿਕਲਪ ਤੇ ਮੁਲਾਜ਼ਮਾਂ ਦੀ ਕਾਰਗੁਜਾਰੀ ਦੀ ਸਮੀਖਿਆ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਜੋ ਪ੍ਰਣਾਲੀ ਯੋਗਤਾ ਦੀ ਬਜਾਏ ਕੋਟੇ ’ਤੇ ਅਧਾਰਤ ਹੈ| ਗੂਗਲ ਸਾਫਟਵੇਅਰ ਇੰਜੀਨੀਅਰ ਤੇ ਅਲਫਾਬੇਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਪਾਰੁਲ ਕੌਲ ਦੀ ਅਗਵਾਈ ਵਿਚ ਇੱਕ ਵਫ਼ਦ ਨੇ ਕੰਪਨੀ ਦੇ ਕੈਲੀਫੋਰਨੀਆ ਹੈੱਡਕੁਆਰਟਰ ਵਿਖੇ ਪਿਚਾਈ ਦੇ ਦਫ਼ਤਰ ਵਿੱਚ ਇਹ ਮੰਗ ਪੱਤਰ ਦਿੱਤਾ ਹੈ।