ਵੈਨਕੂਵਰ, 21 ਜੁਲਾਈ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਲੈਂਡ ‘ਤੇ ਸਥਿਤ ਕੰਬਰਲੈਂਡ ਦੇ ਜੰਗਲੀ ਇਲਾਕੇ ਚ ਕਾਲੇ ਰਿੱਛ ਵੱਲੋਂ ਕੀਤੇ ਹਮਲੇ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਦੋ ਵਿਅਕਤੀ ਆਪਣੇ ਕੁੱਤੇ ਨਾਲ ਜੰਗਲੀ ਰਸਤੇ ’ਤੇ ਘੁੰਮ ਰਹੇ ਸਨ, ਜਦੋਂ ਉਨ੍ਹਾਂ ਦਾ ਸਾਹਮਣਾ ਕਾਲੇ ਰਿੱਛਾਂ ਦੇ ਇੱਕ ਝੁੰਡ ਨਾਲ ਹੋ ਗਿਆ। ਇਸ ਦੌਰਾਨ ਇੱਕ ਰਿੱਛ ਨੇ ਅਚਾਨਕ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਬੀ.ਸੀ. ਕਨਜ਼ਰਵੇਸ਼ਨ ਅਫ਼ਸਰ ਸਰਵਿਸ ਅਤੇ ਕੰਬਰਲੈਂਡ ਪ੍ਰਸ਼ਾਸਨ ਨੇ ਲੋਕਾਂ ਨੂੰ ਖੇਤਰ ਵਿੱਚ ਵਾਧੂ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੰਗਲੀ ਇਲਾਕਿਆਂ ਵਿੱਚ ਜਾਂਦੇ ਸਮੇਂ ਕੁੱਤਿਆਂ ਨੂੰ ਪੱਟੇ ਨਾਲ ਰੱਖਣ, ਰਿੱਛਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਅਤੇ ਆਪਣੇ ਨਾਲ ਬੇਅਰ ਸਪਰੇ ਵਰਗੇ ਸੁਰੱਖਿਆ ਸਾਧਨ ਜ਼ਰੂਰ ਰੱਖਣ। ਘਟਨਾ ਦੀ ਜਾਂਚ ਜਾਰੀ ਹੈ।