ਲੋਅਰ ਮੈਨਹੈਟਨ ਦੇ ਸੰਘੀ ਦਫ਼ਤਰ ਬਾਹਰ ਧਮਾਕਾ, ਹਥਿਆਰਾਂ ਵਰਗੀਆਂ ਵਸਤਾਂ ਸਮੇਤ ਵਿਅਕਤੀ ਕਾਬੂ; ਚਾਰ ਜ਼ਖ਼ਮੀ
ਅਜੀਤ ਡੈਸਕ
22-07-2026
ਕਾਬੂ ਕੀਤੇ ਗਏ ਵਿਅਕਤੀ ਕੋਲੋਂ ਅਸਲੀ ਬੰਦੂਕਾਂ ਵਰਗੀਆਂ ਦਿਖਾਈ ਦਿੰਦੀਆਂ ਦੋ ਬੀਬੀ ਜਾਂ ਏਅਰਸਾਫਟ ਗੰਨਾਂ ਮਿਲੀਆਂ। ਇਨ੍ਹਾਂ ਵਿੱਚੋਂ ਇੱਕ ਲੰਮੀ ਰਾਈਫਲ ਵਰਗੀ ਵਸਤੂ ਕਰਿਆਨੇ ਵਾਲੀ ਰੇਹੜੀ ਵਿੱਚ ਪਈ ਸੀ। ਉਸ ਕੋਲੋਂ ਕਾਰਬਨ ਡਾਈਆਕਸਾਈਡ ਦੇ ਕਾਰਟ੍ਰਿਜ, ਹੈਲਮਟ, ਹੈਲੋਜਨ ਲਾਈਟਾਂ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ। ਮੁੱਢਲੀ ਜਾਂਚ ਦੌਰਾਨ ਕਿਸੇ ਗੋਲੀ ਦੇ ਚੱਲਣ ਦਾ ਸਬੂਤ ਨਹੀਂ ਮਿਲਿਆ।
ਘਟਨਾ ਵਿੱਚ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇੱਕ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਦਕਿ ਬਾਕੀਆਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ। ਸਾਰੇ ਜ਼ਖ਼ਮੀ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।26 ਫੈਡਰਲ ਪਲਾਜ਼ਾ ਵਿੱਚ ਐੱਫ਼ਬੀਆਈ, ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਅਤੇ ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਸਮੇਤ ਕਈ ਸੰਘੀ ਏਜੰਸੀਆਂ ਦੇ ਦਫ਼ਤਰ ਹਨ। ਇਸ ਸੰਵੇਦਨਸ਼ੀਲ ਇਮਾਰਤ ਨੂੰ ਨਿਸ਼ਾਨਾ ਬਣਾਏ ਜਾਣ ਦੇ ਸ਼ੱਕ ਕਾਰਨ ਸੰਘੀ ਜਾਂਚ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।
ਅਧਿਕਾਰੀ ਇਸ ਪੱਖ ਦੀ ਵੀ ਜਾਂਚ ਕਰ ਰਹੇ ਹਨ ਕਿ ਕੀ ਇਹ ਕਾਰਵਾਈ ਆਈਸ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿਰੋਧ ਨਾਲ ਜੁੜੀ ਹੋਈ ਸੀ। ਫਿਲਹਾਲ ਸ਼ੱਕੀ ਦੀ ਪਛਾਣ ਅਤੇ ਉਸ ਦੇ ਅਸਲ ਮਕਸਦ ਬਾਰੇ ਕੋਈ ਪੱਕੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਨਿਊਯਾਰਕ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਸੁਰੱਖਿਆ ਕਾਰਵਾਈ ਕਾਰਨ ਵਰਥ ਸਟਰੀਟ ਅਤੇ ਲਾਫਾਏਟ ਸਟਰੀਟ ਦੇ ਆਲੇ-ਦੁਆਲੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਨਾਲ ਆਵਾਜਾਈ ਅਤੇ ਜਨਤਕ ਟਰਾਂਸਪੋਰਟ ਪ੍ਰਭਾਵਿਤ ਹੋਈ। ਲੋਕਾਂ ਨੂੰ ਜਾਂਚ ਜਾਰੀ ਰਹਿਣ ਤੱਕ ਇਸ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।