ਅਮਰੀਕਾ ਨੇ ਵਿਜ਼ਟਰ ਵੀਜ਼ੇ ’ਤੇ 20 ਹਜ਼ਾਰ ਡਾਲਰ ਦਾ ਬਾਂਡ ਕੀਤਾ ਲਾਜ਼ਮੀ, ਭਾਰਤ ਨੂੰ ਫਿਲਹਾਲ ਰਾਹਤ
ਨਿਊਯਾਰਕ, 4 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਨੇ ਵਿਜ਼ਟਰ ਵੀਜ਼ੇ ਨਾਲ ਜੁੜੇ ਬਾਂਡ ਪ੍ਰੋਗਰਾਮ ਨੂੰ ਹੁਣ ਪੱਕੇ ਤੌਰ ’ਤੇ ਲਾਗੂ ਕਰ ਦਿੱਤਾ ਹੈ। ਨਵੇਂ ਨਿਯਮ ਤਹਿਤ ਚੁਣੇ ਹੋਏ ਦੇਸ਼ਾਂ ਦੇ ਨਾਗਰਿਕਾਂ ਨੂੰ ਬੀ-1 ਕਾਰੋਬਾਰੀ ਜਾਂ ਬੀ-2 ਸੈਲਾਨੀ ਵੀਜ਼ਾ ਲੈਣ ਤੋਂ ਪਹਿਲਾਂ 10,000, 15,000 ਜਾਂ 20,000 ਡਾਲਰ ਦੀ ਜ਼ਮਾਨਤੀ ਰਕਮ ਜਮ੍ਹਾਂ ਕਰਵਾਉਣੀ ਪੈ ਸਕਦੀ ਹੈ।
ਨਿਊਯਾਰਕ, 4 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਨੇ ਵਿਜ਼ਟਰ ਵੀਜ਼ੇ ਨਾਲ ਜੁੜੇ ਬਾਂਡ ਪ੍ਰੋਗਰਾਮ ਨੂੰ ਹੁਣ ਪੱਕੇ ਤੌਰ ’ਤੇ ਲਾਗੂ ਕਰ ਦਿੱਤਾ ਹੈ। ਨਵੇਂ ਨਿਯਮ ਤਹਿਤ ਚੁਣੇ ਹੋਏ ਦੇਸ਼ਾਂ ਦੇ ਨਾਗਰਿਕਾਂ ਨੂੰ ਬੀ-1 ਕਾਰੋਬਾਰੀ ਜਾਂ ਬੀ-2 ਸੈਲਾਨੀ ਵੀਜ਼ਾ ਲੈਣ ਤੋਂ ਪਹਿਲਾਂ 10,000, 15,000 ਜਾਂ 20,000 ਡਾਲਰ ਦੀ ਜ਼ਮਾਨਤੀ ਰਕਮ ਜਮ੍ਹਾਂ ਕਰਵਾਉਣੀ ਪੈ ਸਕਦੀ ਹੈ। ਇਹ ਨਿਯਮ 3 ਅਗਸਤ ਤੋਂ ਲਾਗੂ ਹੋ ਗਿਆ ਹੈ। ਕਿੰਨੀ ਰਕਮ ਭਰਨੀ ਪਵੇਗੀ, ਇਸ ਦਾ ਫ਼ੈਸਲਾ ਵੀਜ਼ਾ ਇੰਟਰਵਿਊ ਦੌਰਾਨ ਅਧਿਕਾਰੀ ਬਿਨੈਕਾਰ ਦੀ ਨੌਕਰੀ, ਆਮਦਨ, ਪੜ੍ਹਾਈ, ਯਾਤਰਾ ਦੇ ਮਕਸਦ ਅਤੇ ਅਮਰੀਕਾ ਨਾਲ ਉਸ ਦੇ ਸਬੰਧਾਂ ਨੂੰ ਦੇਖ ਕੇ ਕਰੇਗਾ। ਆਮ ਤੌਰ ’ਤੇ ਬਾਂਡ 15,000 ਡਾਲਰ ਰੱਖਿਆ ਜਾਵੇਗਾ, ਪਰ ਹਾਲਾਤ ਅਨੁਸਾਰ ਇਹ 10,000 ਜਾਂ 20,000 ਡਾਲਰ ਵੀ ਹੋ ਸਕਦਾ ਹੈ। ਇਸ ਪ੍ਰੋਗਰਾਮ ’ਚ ਜ਼ਿਆਦਾਤਰ ਅਫ਼ਰੀਕੀ ਦੇਸ਼ਾਂ ਦੇ ਨਾਲ ਬੰਗਲਾਦੇਸ਼, ਨਿਪਾਲ ਤੇ ਭੂਟਾਨ ਵੀ ਸ਼ਾਮਲ ਹਨ। ਭਾਰਤ ਦਾ ਨਾਮ ਫ਼ਿਲਹਾਲ ਇਸ ਸੂਚੀ ’ਚ ਨਹੀਂ ਹੈ। ਇਸ ਕਾਰਨ ਭਾਰਤੀ ਬੀ-1/ਬੀ-2 ਵੀਜ਼ਾ ਬਿਨੈਕਾਰਾਂ ਉੱਤੇ ਇਹ ਬਾਂਡ ਨਿਯਮ ਲਾਗੂ ਨਹੀਂ ਹੋਵੇਗਾ। ਭਵਿੱਖ ’ਚ ਹੋਰ ਦੇਸ਼ਾਂ ਨੂੰ ਵੀ ਸੂਚੀ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇ ਯਾਤਰੀ ਵੀਜ਼ੇ ਦੀਆਂ ਸਾਰੀਆਂ ਸ਼ਰਤਾਂ ਮੰਨਦਾ ਹੈ ਤੇ ਮਨਜ਼ੂਰ ਸਮੇਂ ਅੰਦਰ ਅਮਰੀਕਾ ਛੱਡ ਦਿੰਦਾ ਹੈ ਤਾਂ ਬਾਂਡ ਦੀ ਰਕਮ ਵਾਪਸ ਮਿਲ ਜਾ ਵੇਗੀ। ਪਰ ਸਮੇਂ ਤੋਂ ਵੱਧ ਰਹਿਣ ਜਾਂ ਨਿਯਮ ਤੋੜਨ ’ਤੇ ਪੂਰੀ ਰਕਮ ਜ਼ਬਤ ਹੋ ਸਕਦੀ ਹੈ। ਬਾਂਡ ਭਰਨ ਨਾਲ ਵੀਜ਼ਾ ਮਿਲਣ ਦੀ ਗਾਰੰਟੀ ਵੀ ਨਹੀਂ ਹੋਵੇਗੀ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਪਾਇਲਟ ਪ੍ਰੋਗਰਾਮ ਨਾਲ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਮਰੀਕਾ ਵਿਚ ਰਹਿਣ ਵਾਲਿਆਂ ਦੀ ਗਿਣਤੀ ’ਚ ਵੱਡੀ ਕਮੀ ਆਈ ਹੈ। ਦੂਜੇ ਪਾਸੇ, ਪ੍ਰਵਾਸੀ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਰਕਮ ਕਾਰਨ ਆਮ ਤੇ ਘੱਟ ਆਮਦਨ ਵਾਲੇ ਲੋਕਾਂ ਲਈ ਅਮਰੀਕਾ ਆਉਣਾ ਮੁਸ਼ਕਲ ਹੋ ਜਾਵੇਗਾ।