ਨਨਾਇਮੋ ’ਚ 15 ਅਗਸਤ ਨੂੰ ਦੌੜਨਗੀਆਂ ਬਿਨਾਂ ਇੰਜਣ ਵਾਲੀਆਂ ਰੰਗ-ਬਿਰੰਗੀਆਂ ‘ਗੱਡੀਆਂ’
**5 ਵੀਂ ਸਾਲਾਨਾ ‘ਹੱਬ ਸਿਟੀ ਸੋਪ ਬਾਕਸ ਡਰਬੀ’ ਲਈ ਤਿਆਰੀਆਂ ਮੁਕੰਮਲ
ਵੈਨਕੂਵਰ, 12 ਅਗਸਤ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਮੁੰਦਰੀ ਪਾਣੀਆਂ ਤੋਂ ਪਾਰ ਵੱਸਦੇ ਟਾਪੂ-ਨੁਮਾ ਸ਼ਹਿਰ ਨਨਾਇਮੋ ਵਿਚ ਇਸ ਹਫ਼ਤੇ ਦੇ ਅੰਤ ਇਕ ਵਾਰ ਫਿਰ ਬਿਨਾਂ ਇੰਜਣ ਵਾਲੀਆਂ ਰੰਗ-ਬਿਰੰਗੀਆਂ ਛੋਟੀਆਂ ‘ਗੱਡੀਆਂ’ ਸੜਕ ਉੱਤੇ ਦੌੜਦੀਆਂ ਨਜ਼ਰ ਆਉਣਗੀਆਂ। ਸ਼ਹਿਰ ਦੀ 5ਵੀਂ ਸਾਲਾਨਾ ‘ਹੱਬ ਸਿਟੀ ਸੋਪ ਬਾਕਸ ਡਰਬੀ’ 15 ਅਗਸਤ ਨੂੰ ਵਾਲ ਸਟਰੀਟ ਉੱਤੇ ਕਰਵਾਈ ਜਾ ਰਹੀ ਹੈ।
ਵੈਨਕੂਵਰ, 12 ਅਗਸਤ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਮੁੰਦਰੀ ਪਾਣੀਆਂ ਤੋਂ ਪਾਰ ਵੱਸਦੇ ਟਾਪੂ-ਨੁਮਾ ਸ਼ਹਿਰ ਨਨਾਇਮੋ ਵਿਚ ਇਸ ਹਫ਼ਤੇ ਦੇ ਅੰਤ ਇਕ ਵਾਰ ਫਿਰ ਬਿਨਾਂ ਇੰਜਣ ਵਾਲੀਆਂ ਰੰਗ-ਬਿਰੰਗੀਆਂ ਛੋਟੀਆਂ ‘ਗੱਡੀਆਂ’ ਸੜਕ ਉੱਤੇ ਦੌੜਦੀਆਂ ਨਜ਼ਰ ਆਉਣਗੀਆਂ। ਸ਼ਹਿਰ ਦੀ 5ਵੀਂ ਸਾਲਾਨਾ ‘ਹੱਬ ਸਿਟੀ ਸੋਪ ਬਾਕਸ ਡਰਬੀ’ 15 ਅਗਸਤ ਨੂੰ ਵਾਲ ਸਟਰੀਟ ਉੱਤੇ ਕਰਵਾਈ ਜਾ ਰਹੀ ਹੈ। ਇਸ ਪਰਿਵਾਰਕ ਸਮਾਗਮ ਵਿਚ ਬੱਚਿਆਂ ਦੇ ਨਾਲ-ਨਾਲ ਵੱਡੀ ਉਮਰ ਦੇ ਮੁਕਾਬਲੇਬਾਜ਼ ਵੀ ਹਿੱਸਾ ਲੈਣਗੇ । ਇਸ ਦੌੜ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਮੁਕਾਬਲੇ ਵਿਚ ਵਰਤੀਆਂ ਜਾਣ ਵਾਲੀਆਂ ਗੱਡੀਆਂ ਵਿਚ ਕੋਈ ਇੰਜਣ ਨਹੀਂ ਹੁੰਦਾ। ਇਹ ਗੱਡੀਆਂ ਢਲਾਣ ਅਤੇ ਗੁਰਤਾ ਖਿੱਚ ਦੇ ਸਹਾਰੇ ਹੇਠਾਂ ਵੱਲ ਦੌੜਦੀਆਂ ਹਨ। ਮੁਕਾਬਲੇਬਾਜ਼ ਆਪਣੀਆਂ ਗੱਡੀਆਂ ਨੂੰ ਵੱਖ-ਵੱਖ ਰੰਗਾਂ ਅਤੇ ਦਿਲਚਸਪ ਨਮੂਨਿਆਂ ਨਾਲ ਸਜਾਉਂਦੇ ਹਨ, ਜਿਸ ਕਾਰਨ ਇਹ ਮੁਕਾਬਲਾ ਦੌੜ ਦੇ ਨਾਲ-ਨਾਲ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਵੀ ਬਣ ਜਾਂਦਾ ਹੈ। ਇਸ ਵਾਰ ਮੁਕਾਬਲੇ ਲਈ ਦੋ ਵਰਗ ਰੱਖੇ ਗਏ ਹਨ। ਸਟਾਕ ਵਰਗ ਵਿਚ 6 ਤੋਂ 16 ਸਾਲ ਤੱਕ ਦੇ ਬੱਚਿਆਂ ਲਈ 40 ਥਾਵਾਂ ਰੱਖੀਆਂ ਗਈਆਂ ਹਨ। ਦੂਜੇ ਓਪਨ ਵਰਗ ਵਿਚ 20 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਇਸ ਵਿਚ 10 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮੁਕਾਬਲੇਬਾਜ਼ ਹਿੱਸਾ ਲੈ ਸਕਦੇ ਹਨ। ਇਸ ਵਰਗ ਵਿੱਚ ਵੱਡੀ ਉਮਰ ਦੇ ਲੋਕ ਵੀ ਹਿੱਸਾ ਲੈਣਗੇ। ਇਸ ਸਮਾਗਮ ਦਾ ਮਕਸਦ ਸਿਰਫ਼ ਲੋਕਾਂ ਦਾ ਮਨੋਰੰਜਨ ਕਰਨਾ ਨਹੀਂ, ਸਗੋਂ ਸਮਾਜ ਸੇਵਾ ਲਈ ਰਕਮ ਇਕੱਠੀ ਕਰਨਾ ਵੀ ਹੈ। ਇਸ ਤੋਂ ਹੋਣ ਵਾਲੀ ਆਮਦਨ ਨਨਾਇਮੋ ਚਾਈਲਡ ਡਿਵੈਲਪਮੈਂਟ ਸੈਂਟਰ ਨੂੰ ਦਿੱਤੀ ਜਾਂਦੀ ਹੈ।