ਡਾਇਨਾ ਦੇ ਭਰਾ ਚਾਰਲਸ ਸਪੈਂਸਰ ਦੀ ਨਵੀਂ ਕਿਤਾਬ ’ਚ ‘ਸੱਚ’ ਸਾਹਮਣੇ ਲਿਆਉਣ ਦਾ ਦਾਅਵਾ
ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਰਹੂਮ ਰਾਜਕੁਮਾਰੀ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਨੇ ਆਪਣੀ ਭੈਣ ਦੀ ਜ਼ਿੰਦਗੀ ਅਤੇ ਉਸ ਦੀ ਮੌਤ ਨਾਲ ਜੁੜੀਆਂ ਯਾਦਾਂ ’ਤੇ ਇੱਕ ਕਿਤਾਬ ਲਿਖੀ ਹੈ। ਉਹ ਕਹਿੰਦੇ ਹਨ ਕਿ ਇਸ ਕਿਤਾਬ ਰਾਹੀਂ ਉਹ ਡਾਇਨਾ ਬਾਰੇ ਆਪਣੇ ਨਜ਼ਰੀਏ ਤੋਂ “ਸੱਚ” ਸਾਹਮਣੇ ਲਿਆਉਣਾ ਚਾਹੁੰਦੇ ਹਨ।
ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਰਹੂਮ ਰਾਜਕੁਮਾਰੀ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਨੇ ਆਪਣੀ ਭੈਣ ਦੀ ਜ਼ਿੰਦਗੀ ਅਤੇ ਉਸ ਦੀ ਮੌਤ ਨਾਲ ਜੁੜੀਆਂ ਯਾਦਾਂ ’ਤੇ ਇੱਕ ਕਿਤਾਬ ਲਿਖੀ ਹੈ। ਉਹ ਕਹਿੰਦੇ ਹਨ ਕਿ ਇਸ ਕਿਤਾਬ ਰਾਹੀਂ ਉਹ ਡਾਇਨਾ ਬਾਰੇ ਆਪਣੇ ਨਜ਼ਰੀਏ ਤੋਂ “ਸੱਚ” ਸਾਹਮਣੇ ਲਿਆਉਣਾ ਚਾਹੁੰਦੇ ਹਨ। ਸਵੈਨ ਸੌਂਗਃ ਡਾਇਨਾ ਮਾਈ ਸਿਸਟਰ” ਨਾਮੀ ਇਹ ਕਿਤਾਬ ਬ੍ਰਿਟੇਨ ਅਤੇ ਹੋਰ ਦੇਸ਼ਾਂ ਵਿੱਚ 22 ਸਤੰਬਰ ਨੂੰ ਜਾਰੀ ਹੋਵੇਗੀ ਅਤੇ ਇਸ ਦਾ 12 ਭਾਸ਼ਾਵਾਂ ਵਿੱਚ ਤਰਜਮਾ ਹੋਵੇਗਾ। ਪ੍ਰਕਾਸ਼ਕ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਸਪੈਂਸਰ ਨੇ ਆਪਣੀ ਭੈਣ ਬਾਰੇ ਇੰਨੀ ਖੁੱਲ੍ਹ ਕੇ ਅਤੇ ਵਿਸਥਾਰ ਨਾਲ ਗੱਲ ਕੀਤੀ ਹੈ। ਸਪੈਂਸਰ ਨੇ ਕਿਹਾ ਕਿ ਡਾਇਨਾ ਦੀ ਮੌਤ ਦੀ 30ਵੀਂ ਵਰ੍ਹੇਗੰਢ ਨੇੜੇ ਆਉਣ ਕਾਰਨ ਉਨ੍ਹਾਂ ਨੂੰ ਮੁੜ-ਮੁੜ ਇੰਟਰਵਿਊ ਲਈ ਬੇਨਤੀਆਂ ਮਿਲ ਰਹੀਆਂ ਸਨ। ਉਨ੍ਹਾਂ ਮੁਤਾਬਕ ਡਾਇਨਾ ਬਾਰੇ ਕਈ ਧਾਰਨਾਵਾਂ ਸਮੇਂ ਦੇ ਨਾਲ ਅਜਿਹੀਆਂ ਗੱਲਾਂ ’ਤੇ ਆਧਾਰਿਤ ਹੋ ਗਈਆਂ ਹਨ, ਜਿਨ੍ਹਾਂ ਨੂੰ ਉਹ ਸੱਚ ਨਹੀਂ ਮੰਨਦੇ। ਅਗਸਤ 1997 ਵਿੱਚ ਪੈਰਿਸ ਵਿੱਚ ਕਾਰ ਹਾਦਸੇ ਦੌਰਾਨ ਡਾਇਨਾ ਦੀ ਮੌਤ ਹੋ ਗਈ ਸੀ। ਉਸ ਦੇ ਅੰਤਿਮ ਸੰਸਕਾਰ ਮੌਕੇ ਵੈਸਟਮਿੰਸਟਰ ਐਬੇ ਵਿੱਚ ਚਾਰਲਸ ਸਪੈਂਸਰ ਨੇ ਭਾਵੁਕ ਸ਼ਰਧਾਂਜਲੀ ਦਿੱਤੀ ਸੀ ਅਤੇ ਡਾਇਨਾ ਦੇ ਪੁੱਤਰਾਂ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਦੀ ਹਮੇਸ਼ਾ ਦੇਖਭਾਲ ਕਰਨ ਦਾ ਵਾਅਦਾ ਕੀਤਾ ਸੀ। ਸਪੈਂਸਰ ਨੇ ਕਿਹਾ ਕਿ ਕਿਤਾਬ ਦਾ ਮਕਸਦ ਆਪਣੇ ਨਜ਼ਰੀਏ ਤੋਂ ਡਾਇਨਾ ਦੀ ਅਸਲ ਸ਼ਖ਼ਸੀਅਤ ਨੂੰ ਸਾਹਮਣੇ ਲਿਆਉਣਾ ਹੈ। ਉਹ ਇੱਕ ਅਜਿਹੀ ਔਰਤ ਸੀ ਜੋ ਪਿਆਰ ਨਾਲ ਭਰੀ ਹੋਈ ਸੀ, ਜਿਸ ਨੇ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜਿਉਣ ਦੀ ਕੋਸ਼ਿਸ਼ ਕੀਤੀ। ਪ੍ਰਕਾਸ਼ਕ ਵਿਲੀਅਮ ਕਾਲਿਨਜ਼ ਨੇ ਕਿਤਾਬ ਨੂੰ “ਇਤਿਹਾਸਕ ਮਹੱਤਵ” ਵਾਲੀ ਦੱਸਦਿਆਂ ਕਿਹਾ ਕਿ ਇਹ 20ਵੀਂ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਅਤੇ ਸੱਭਿਆਚਾਰਕ ਤੌਰ ’ਤੇ ਮਹੱਤਵਪੂਰਨ ਸ਼ਖ਼ਸੀਅਤਾਂ ਵਿੱਚੋਂ ਇੱਕ ਡਾਇਨਾ ਦੀ ਕਹਾਣੀ ਪੇਸ਼ ਕਰਦੀ ਹੈ।