ਰੂਸੀ ਡੀਜ਼ਲ ਵਾਲੇ ਜਹਾਜ਼ਾਂ ਨੇ ਰਾਹ ਬਦਲੇ , ਟਰੰਪ ਦੀ ਯੋਜਨਾ ਅਟਕੀ
ਨਿਊਯਾਰਕ, 12 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ’ਚ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਰੂਸ ਤੋਂ ਈਂਧਨ ਮੰਗਵਾਉਣ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਅਟਕ ਗਈ ਹੈ। ਸੰਭਾਵੀ ਕਾਨੂੰਨੀ ਕਾਰਵਾਈ ਤੇ ਆਪਣੀ ਸਾਖ਼ ਨੂੰ ਨੁਕਸਾਨ ਪਹੁੰਚਣ ਦੇ ਡਰੋਂ ਅਮਰੀਕੀ ਕੰਪਨੀਆਂ ਇਹ ਡੀਜ਼ਲ ਖ਼ਰੀਦਣ ਤੋਂ ਝਿਜਕ ਰਹੀਆਂ ਹਨ।
ਨਿਊਯਾਰਕ, 12 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ’ਚ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਰੂਸ ਤੋਂ ਈਂਧਨ ਮੰਗਵਾਉਣ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਅਟਕ ਗਈ ਹੈ। ਸੰਭਾਵੀ ਕਾਨੂੰਨੀ ਕਾਰਵਾਈ ਤੇ ਆਪਣੀ ਸਾਖ਼ ਨੂੰ ਨੁਕਸਾਨ ਪਹੁੰਚਣ ਦੇ ਡਰੋਂ ਅਮਰੀਕੀ ਕੰਪਨੀਆਂ ਇਹ ਡੀਜ਼ਲ ਖ਼ਰੀਦਣ ਤੋਂ ਝਿਜਕ ਰਹੀਆਂ ਹਨ। ਅਮਰੀਕਾ ਵੱਲ ਆ ਰਹੇ ਕਈ ਤੇਲ ਜਹਾਜ਼ਾਂ ਨੇ ਰਾਹ ਬਦਲ ਲਏ ਹਨ ਤੇ ਉਪਲਬਧ ਨਿਗਰਾਨੀ ਅੰਕੜਿਆਂ ਮੁਤਾਬਕ ਇਸ ਸੌਦੇ ਤਹਿਤ ਹਾਲੇ ਕੋਈ ਰੂਸੀ ਡੀਜ਼ਲ ਖੇਪ ਅਮਰੀਕਾ ਨਹੀਂ ਪਹੁੰਚੀ। ‘ਆਗਿਓਈ ਫਾਨੇਂਦੇਸ’ ਨਾਂਅ ਦਾ ਜਹਾਜ਼ ਕਰੀਬ 40 ਹਜ਼ਾਰ ਮੀਟ੍ਰਿਕ ਟਨ, ਭਾਵ ਲਗਪਗ ਤਿੰਨ ਲੱਖ ਬੈਰਲ ਡੀਜ਼ਲ ਲੈ ਕੇ ਨਿਊਯਾਰਕ ਤੋਂ ਕਰੀਬ 400 ਸਮੁੰਦਰੀ ਮੀਲ, ਯਾਨੀ 740 ਕਿਲੋਮੀਟਰ ਦੂਰ ਤੱਕ ਪਹੁੰਚ ਗਿਆ ਸੀ। ਇਸ ਮਗਰੋਂ ਉਹ ਅਮਰੀਕੀ ਤੱਟ ਤੋਂ ਦੂਰ ਹਟਣ ਲੱਗ ਪਿਆ। ਜਹਾਜ਼ ਨੇ ਆਪਣੀ ਮੰਜ਼ਿਲ ਨਿਊਯਾਰਕ ਦੀ ਥਾਂ ਅਗਲੇ ਹੁਕਮਾਂ ਦੀ ਉਡੀਕ ਦਰਸਾਈ ਹੈ। ਪ੍ਰਬੰਧਕ ਕੰਪਨੀ ਮੁਤਾਬਕ ਡੀਜ਼ਲ ਉਤਾਰਨ ਵਾਲੀ ਬੰਦਰਗਾਹ ਹਾਲੇ ਤੈਅ ਨਹੀਂ ਹੋਈ। ਟਰੰਪ ਨੇ ਪੁਤਿਨ ਨਾਲ ਗੱਲਬਾਤ ਮਗਰੋਂ ਅਮਰੀਕਾ ਤੇ ਸੰਸਾਰ ਦੇ ਹੋਰ ਬਾਜ਼ਾਰਾਂ ਲਈ ਪੜਾਅਵਾਰ ਕੁੱਲ 48 ਲੱਖ ਮੀਟ੍ਰਿਕ ਟਨ ਡੀਜ਼ਲ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਰੂਸੀ ਸਰਕਾਰ ਦੇ ਬਿਆਨ ’ਚ ਇਸ ਪੂਰੀ ਮਾਤਰਾ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਟਰੰਪ ਦਾ ਕਹਿਣਾ ਸੀ ਕਿ ਵਧੀ ਸਪਲਾਈ ਨਾਲ ਕੀਮਤਾਂ ਹੇਠਾਂ ਆਉਣਗੀਆਂ। ਹਾਲਾਂਕਿ ਸਨਅਤੀ ਵਿਸ਼ਲੇਸ਼ਕਾਂ ਨੇ ਇਸ ਸਪਲਾਈ ਨਾਲ ਕੀਮਤਾਂ ਵਿਚ ਵੱਡੀ ਰਾਹਤ ਮਿਲਣ ਬਾਰੇ ਸ਼ੱਕ ਜਤਾਇਆ ਹੈ।