ਟਰੰਪ ਦੇ ਕਰੀਬੀ ਸੰਘੀ ਵਕੀਲ ਦੀ ਨਿਯੁਕਤੀ ਗੈਰਕਾਨੂੰਨੀ, ਲੈਟੀਸ਼ੀਆ ਜੇਮਸ ਖ਼ਿਲਾਫ਼ ਸੰਮਨ ਰੱਦ
ਨਿਊਯਾਰਕ, 22 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਸੰਘੀ ਅਪੀਲੀ ਅਦਾਲਤ ਨੇ ਨਿਊਯਾਰਕ ਦੀ ਅਟਾਰਨੀ ਜਨਰਲ ਲੈਟੀਸ਼ੀਆ ਜੇਮਸ ਦੇ ਦਫ਼ਤਰ ਨੂੰ ਜਾਰੀ ਕੀਤੇ ਨਿਆਂ ਵਿਭਾਗ ਦੇ ਸੰਮਨ ਰੱਦ ਕਰ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਸੰਮਨ ਜਾਰੀ ਕਰਨ ਵਾਲਾ ਜੌਨ ਸਰਕੋਨ ਉੱਤਰੀ ਨਿਊਯਾਰਕ ਦੇ ਕਾਰਜਕਾਰੀ ਯੂ.
ਨਿਊਯਾਰਕ, 22 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਸੰਘੀ ਅਪੀਲੀ ਅਦਾਲਤ ਨੇ ਨਿਊਯਾਰਕ ਦੀ ਅਟਾਰਨੀ ਜਨਰਲ ਲੈਟੀਸ਼ੀਆ ਜੇਮਸ ਦੇ ਦਫ਼ਤਰ ਨੂੰ ਜਾਰੀ ਕੀਤੇ ਨਿਆਂ ਵਿਭਾਗ ਦੇ ਸੰਮਨ ਰੱਦ ਕਰ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਸੰਮਨ ਜਾਰੀ ਕਰਨ ਵਾਲਾ ਜੌਨ ਸਰਕੋਨ ਉੱਤਰੀ ਨਿਊਯਾਰਕ ਦੇ ਕਾਰਜਕਾਰੀ ਯੂ.ਐੱਸ. ਅਟਾਰਨੀ ਵਜੋਂ ਕਾਨੂੰਨੀ ਢੰਗ ਨਾਲ ਅਹੁਦੇ ’ਤੇ ਨਹੀਂ ਸੀ। ਤਿੰਨ ਜੱਜਾਂ ਦੇ ਬੈਂਚ ਨੇ 2-1 ਦੇ ਫ਼ੈਸਲੇ ਨਾਲ ਹੇਠਲੀ ਅਦਾਲਤ ਦਾ ਹੁਕਮ ਬਰਕਰਾਰ ਰੱਖਿਆ। ਸਰਕੋਨ ਨੂੰ ਪਹਿਲਾਂ 120 ਦਿਨਾਂ ਲਈ ਅੰਤਰਿਮ ਯੂ.ਐੱਸ. ਅਟਾਰਨੀ ਬਣਾਇਆ ਗਿਆ ਸੀ। ਮਿਆਦ ਪੂਰੀ ਹੋਣ ਮਗਰੋਂ ਸੰਘੀ ਜੱਜਾਂ ਨੇ ਉਸ ਨੂੰ ਅਹੁਦੇ ’ਤੇ ਕਾਇਮ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਨਿਆਂ ਵਿਭਾਗ ਨੇ ਸਰਕੋਨ ਨੂੰ ‘ਵਿਸ਼ੇਸ਼ ਵਕੀਲ’ ਅਤੇ ਫਿਰ ‘ਫਸਟ ਅਸਿਸਟੈਂਟ ਯੂ.ਐੱਸ. ਅਟਾਰਨੀ’ ਨਿਯੁਕਤ ਕਰਕੇ ਮੁੜ ਦਫ਼ਤਰ ਦੀ ਕਮਾਨ ਸੌਂਪ ਦਿੱਤੀ। ਅਦਾਲਤ ਨੇ ਕਿਹਾ ਕਿ ਇਸ ਤਰੀਕੇ ਨਾਲ ਸੈਨੇਟ ਦੀ ਪੁਸ਼ਟੀ ਅਤੇ ਸੰਘੀ ਨਿਯੁਕਤੀ ਕਾਨੂੰਨ ਦੀਆਂ ਸ਼ਰਤਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਗਈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਿਰਫ਼ ਉਹੀ ‘ਫਸਟ ਅਸਿਸਟੈਂਟ’ ਕਾਰਜਕਾਰੀ ਯੂ.ਐੱਸ. ਅਟਾਰਨੀ ਬਣ ਸਕਦਾ ਹੈ, ਜੋ ਅਹੁਦਾ ਖਾਲੀ ਹੋਣ ਸਮੇਂ ਪਹਿਲਾਂ ਤੋਂ ਦਫ਼ਤਰ ਵਿਚ ਸੇਵਾ ਨਿਭਾ ਰਿਹਾ ਹੋਵੇ। ਸਰਕੋਨ ਨੂੰ ਇਹ ਅਹੁਦਾ ਬਾਅਦ ਵਿੱਚ ਦਿੱਤਾ ਗਿਆ ਸੀ, ਇਸ ਲਈ ਉਸ ਕੋਲ ਮੁੱਖ ਸੰਘੀ ਵਕੀਲ ਵਾਲੇ ਅਧਿਕਾਰ ਨਹੀਂ ਸਨ। ਸਰਕੋਨ ਨੇ ਜੇਮਸ ਦੇ ਦਫ਼ਤਰ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰੋਬਾਰ ਅਤੇ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਖ਼ਿਲਾਫ਼ ਚਲਾਏ ਗਏ ਮੁਕੱਦਮਿਆਂ ਨਾਲ ਸਬੰਧਤ ਰਿਕਾਰਡ ਮੰਗੇ ਸਨ। ਸੰਭਾਵਿਤ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਸਬੰਧੀ ਇਸ ਜਾਂਚ ਵਿੱਚ ਹੁਣ ਤੱਕ ਕਿਸੇ ਖ਼ਿਲਾਫ਼ ਅਪਰਾਧਿਕ ਦੋਸ਼ ਨਹੀਂ ਲਗਾਇਆ ਗਿਆ। ਜੇਮਸ ਨੇ ਜਾਂਚ ਨੂੰ ਸਿਆਸੀ ਬਦਲੇ ਦੀ ਕਾਰਵਾਈ ਦੱਸਦਿਆਂ ਸੰਮਨਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਅਪੀਲੀ ਅਦਾਲਤ ਨੇ ਸਰਕੋਨ ਨੂੰ ਇਨ੍ਹਾਂ ਜਾਂਚਾਂ ਵਿੱਚ ਹਿੱਸਾ ਲੈਣ ਜਾਂ ਨਿਗਰਾਨੀ ਕਰਨ ਤੋਂ ਰੋਕਣ ਵਾਲਾ ਹੁਕਮ ਵੀ ਬਰਕਰਾਰ ਰੱਖਿਆ ਹੈ। ਸੰਮਨਾਂ ਨਾਲ ਜੁੜੀ ਗ੍ਰੈਂਡ ਜਿਊਰੀ ਦੀ ਮਿਆਦ ਖ਼ਤਮ ਹੋ ਚੁੱਕੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹੁਣ ਲਾਗੂ ਨਹੀਂ ਕੀਤਾ ਜਾ ਸਕਦਾ। ਨਿਆਂ ਵਿਭਾਗ ਨੇ ਫ਼ੈਸਲੇ ਨਾਲ ਅਸਹਿਮਤੀ ਜਤਾਉਂਦਿਆਂ ਮਾਮਲਾ ਸੁਪਰੀਮ ਕੋਰਟ ਵਿੱਚ ਲਿਜਾਣ ਦਾ ਐਲਾਨ ਕੀਤਾ ਹੈ।