ਏ . ਆਈ . ਗ਼ਲਤ ਹੱਥਾਂ ਵਿਚ ਜਾਣ ਨਾਲ ਮਨੁੱਖਤਾ ਨੂੰ ਖ਼ਤਰਾ - ਮਹਾਰਾਜਾ ਚਾਰਲਸ
ਗਲਾਸਗੋ, 17 ਸਤੰਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਨੇ ਏ. ਆਈ.
ਗਲਾਸਗੋ, 17 ਸਤੰਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਨੇ ਏ.ਆਈ. ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਹ ਸ਼ਕਤੀਸ਼ਾਲੀ ਤਕਨੀਕ ਗ਼ਲਤ ਹੱਥਾਂ ਵਿੱਚ ਜਾਣ ਨਾਲ ਮਨੁੱਖਤਾ ਦੀ ਹੋਂਦ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਦੇਰ ਹੋਣ ਤੋਂ ਪਹਿਲਾਂ ਇਸ ਉੱਪਰ ਢੁਕਵਾਂ ਕਾਬੂ ਅਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਲਾਗੂ ਕਰਨੇ ਜ਼ਰੂਰੀ ਹਨ। ਸਕਾਟਲੈਂਡ ਦੇ ਏਅਰਸ਼ਾਇਰ ਸਥਿਤ ਡਮਫ਼ਰੀਜ਼ ਹਾਊਸ ਵਿਖੇ ਹੋਈ ਉੱਚ ਪੱਧਰੀ ਬੈਠਕ ਦੌਰਾਨ ਕਿੰਗ ਚਾਰਲਸ ਨੇ ਕਿਹਾ ਕਿ ਏ.ਆਈ. ਬਣਾਉਣ ਵਾਲੇ ਮਾਹਿਰ ਖ਼ੁਦ ਇਸ ਦੀਆਂ ਖ਼ਤਰਨਾਕ ਸਮਰੱਥਾਵਾਂ ਬਾਰੇ ਚਿਤਾਵਨੀਆਂ ਦੇ ਰਹੇ ਹਨ। ਉਨ੍ਹਾਂ ਮੁਤਾਬਕ ਇਹ ਤਕਨੀਕ ਭਵਿੱਖ ਵਿੱਚ ਮਨੁੱਖੀ ਜਾਨ ਲੈਣ ਦੇ ਸਮਰੱਥ ਵੀ ਹੋ ਸਕਦੀ ਹੈ। ਬੈਠਕ ਵਿਚ ਐਨਵੀਡੀਆ ਦੇ ਮੁੱਖ ਕਾਰਜਕਾਰੀ ਜੈਨਸਨ ਹੁਆਂਗ, ਗੂਗਲ ਡੀਪਮਾਈਂਡ ਦੇ ਡੈਮਿਸ ਹਸਾਬਿਸ, ਓਪਨਏਆਈ ਦੀ ਮੁੱਖ ਵਿੱਤੀ ਅਧਿਕਾਰੀ ਸਾਰਾਹ ਫਰਾਇਰ ਅਤੇ ਬਰਤਾਨੀਆ ਦੇ ਏ.ਆਈ. ਮੰਤਰੀ ਕਨਿਸ਼ਕਾ ਨਰਾਇਣ ਸਮੇਤ ਕਈ ਪ੍ਰਮੁੱਖ ਮਾਹਿਰ ਸ਼ਾਮਿਲ ਹੋਏ। ਕਿੰਗ ਚਾਰਲਸ ਨੇ ਕਿਹਾ ਕਿ ਏ.ਆਈ. ਦਵਾਈ ਅਤੇ ਜੀਵ ਵਿਗਿਆਨ ਸਮੇਤ ਕਈ ਖੇਤਰਾਂ ਵਿੱਚ ਜਾਨਾਂ ਬਚਾਉਣ ਦੀ ਵੱਡੀ ਸਮਰੱਥਾ ਰੱਖਦੀ ਹੈ ਪਰ ਇਸ ਦੀ ਵਰਤੋਂ ਮਨੁੱਖਤਾ, ਸਮਾਜ ਅਤੇ ਕੁਦਰਤੀ ਸੰਸਾਰ ਦੀ ਭਲਾਈ ਲਈ ਹੀ ਹੋਣੀ ਚਾਹੀਦੀ ਹੈ। ਬੈਠਕ ਵਿੱਚ ਏ.ਆਈ. ਦੇ ਭਵਿੱਖੀ ਵਿਕਾਸ ਲਈ ਸਾਂਝੇ ਕੌਮਾਂਤਰੀ ਸਿਧਾਂਤ ਬਣਾਉਣ ਬਾਰੇ ਵੀ ਵਿਚਾਰ ਕੀਤਾ ਗਿਆ।