ਟਰੰਪ ਵਲੋਂ 3 ਅਦਾਰਿਆਂ ਦੇ ਪੱਤਰਕਾਰਾਂ ਉਪਰ ਵਾਈਟ ਹਾੳਸ ’ਚ ਦਾਖਲ ਹੋਣ ’ਤੇ ਪਾਬੰਦੀ
ਸੈਕਰਾਮੈਂਟੋ, 19 ਸਤੰਬਰ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਲਡ ਟਰੰਪ ਦੀ ਤਾਜਾ ਸਰਵੇਖਣਾਂ ਵਿਚ ਲੋਕ ਪ੍ਰਿਯਤਾ ਹੇਠਲੇ ਪੱਧਰ ’ਤੇ ਆ ਜਾਣ ਸੰਬੰਧੀ ਛਪੀਆਂ ਖ਼ਬਰਾਂ ਦਰਮਿਆਨ ਉਨ੍ਹਾਂ ਨੇ ਕੁਝ ਚੋਣਵੇਂ ਚੈਨਲਾਂ ਤੇ ਅਖ਼ਬਾਰੀ ਅਦਾਰਿਆਂ ਦੇ ਪੱਤਰਕਾਰਾਂ ਉਪਰ ਵਾਈਟ ਹਾੳਸ ਵਿਚ ਦਾਖਲ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ| ਇਨ੍ਹਾਂ ਵਿਚ ਸੀ ਐਨ ਐਨ, ਐਮ ਐਸ ਨੌਅ ਤੇ ਪੋਲੀਟੀਕੋ ਦੇ ਪੱਤਰਕਾਰ ਸ਼ਾਮਲ ਹਨ| ਉਨ੍ਹਾਂ ਦਾ ਦੋਸ਼ ਹੈ ਕਿ ਇਹ ਅਦਾਰੇ ਝੂਠੀਆਂ ਖਬਰਾਂ ਫੈਲਾਉਂਦੇ ਹਨ | ਰਾਸ਼ਟਰਪਤੀ ਨੇ ਇਨ੍ਹਾਂ ਅਦਾਰਿਆਂ ’ਤੇ ਵਾਰ-ਵਾਰ ਝੂਠੀਆਂ ਖਬਰਾਂ ਪ੍ਰਕਾਸ਼ਿਤ ਕਰਨ ਦਾ ਦੋਸ਼ ਲਗਾਇਆ ਹੈ| ਇਹ ਇੱਕ ਅਸਾਧਾਰਨ ਕਦਮ ਹੈ, ਜਿਸ ਦੀ ਵੱਡੇ ਪੱਧਰ ’ ਤੇ ਅਲੋਚਨਾ ਹੋਣੀ ਸੰਭਵ ਹੈ| ਟਰੰਪ ਨੇ ‘ਟਰੂਥ ਸੋਸ਼ਲ’ ’ਤੇ ਇਕ ਪੋਸਟ ਵਿਚ ਕਿਹਾ ਕਿ ਵਾਈਟ ਹਾਊਸ ਦੀ ਇਹ ਪਾਬੰਦੀ ਤੁਰੰਤ ਲਾਗੂ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਮੀਡੀਆ ਸੰਸਥਾਵਾਂ ’ਤੇ ਵੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ| ਪਾਬੰਦੀ ਦੇ ਐਲਾਨ ਤੋਂ ਤੁਰੰਤ ਬਾਅਦ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਖਿਲਾਫ ਜਾਣਬੁੱਝ ਕੇ ਨਕਾਰਾਤਮਕ ਖਬਰਾਂ ਛਾਪੀਆਂ ਜਾਂਦੀਆਂ ਹਨ ਤੇ ਜੇਕਰ ਉਹ ਲੋਕ ਅਜਿਹੀਆਂ ਖਬਰਾਂ ਤੋਂ ਬਾਜ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਵਾਈਟ ਹਾੳਸ ਵਿਚ ਆਉਣ ਦੀ ਕੋਈ ਲੋੜ ਨਹੀਂ ਹੈ| ਟਰੰਪ ਨੇ ਕਿਹਾ ਕਿ ਕੋਈ ਖਾਸ ਘਟਨਾ ਜਾਂ ਖਬਰ ਕਾਰਨ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਅਦਾਰਿਆਂ ’ਤੇ ਪਾਬੰਦੀ ਨਹੀਂ ਲਗਾਈ ਤੇ ਅਸਲ ਵਿੱਚ ਇਹ ਪਾਬੰਦੀ ਪਿਛਲੇ ਕੁਝ ਸਾਲਾਂ ਦੀਆਂ ਖਬਰਾਂ ਦਾ ਨਤੀਜਾ ਹੈ, ਜਿਨਾਂ ਤੋਂ ਉਹ ਅੱਕ ਗਏ ਹਨ| ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਜ਼ਿਆਦਾਤਰ ਸਰਵੇਖਣਾਂ ਅਨੁਸਾਰ ਟਰੰਪ ਦੀ ਲੋਕਪ੍ਰਿਅਤਾ ਹੇਠਲੇ ਪੱਧਰ ’ਤੇ ਆ ਗਈ ਹੈ| ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਕੀ ਉਹ ਮੀਡੀਆ ਨੂੰ ਆਪਣਾ ਕੰਮ ਕਰਨ ਤੋਂ ਰੋਕਣ ਲਈ ਡਰਾ-ਧਮਕਾ ਰਹੇ ਹਨ, ਤਾਂ ਟਰੰਪ ਨਾਰਾਜ਼ ਹੋ ਗਏ| ਰਾਸ਼ਟਰਪਤੀ ਨੇ ਕਿਹਾ, ਮੈਨੂੰ ਤੁਹਾਡੇ ਵਰਗੀ ਬੇਈਮਾਨ ਪ੍ਰੈਸ ਪਸੰਦ ਨਹੀਂ ਹੈ| ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਮਾੜੇ ਹੋ| ਮੈਂ ਇਮਾਨਦਾਰ ਪ੍ਰੈਸ ਦੇਖਣਾ ਪਸੰਦ ਕਰਦਾ ਹਾਂ| ਇਸ ਦੌਰਾਨ ਸੀ ਐਨ ਐਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ‘‘ਉੁਹ ਆਪਣੀ ਵਾਈਟ ਹਾਊਸ ਟੀਮ ਅਤੇ ਉਨ੍ਹਾਂ ਦੀ ਨਿਰਪੱਖ ਤੇ ਸਹੀ ਰਿਪੋਰਟਿੰਗ ਦੇ ਨਾਲ ਪੂਰੀ ਤਰਾਂ ਖੜਾ ਹੈ| ਸਾਨੂੰ ਅਮਰੀਕੀ ਸੰਵਿਧਾਨ ਤਹਿਤ ਸਰਕਾਰ ਵਲੋਂ ਬਿਨਾਂ ਕਿਸੇ ਰੁਕਾਵਟ ਜਾਂ ਦਖਲਅੰਦਾਜ਼ੀ ਦੇ ਰਿਪੋਰਟਿੰਗ ਕਰਨ ਦਾ ਅਧਿਕਾਰ ਹੈ| ਜੇਕਰ ਰਾਸ਼ਟਰਪਤੀ ਟਰੰਪ ਵਲੋਂ ਐਲਾਨੀ ਪਾਬੰਦੀ ’ਤੇ ਅਮਲ ਕੀਤਾ ਜਾਂਦਾ ਹੈ, ਤਾਂ ਇਹ ਉਸ ਬੁਨਿਆਦੀ ਅਤੇ ਸੰਵਿਧਾਨਕ ਤੌਰ ’ਤੇ ਸੁਰੱਖਿਅਤ ਅਧਿਕਾਰ ’ਤੇ ਗੈਰ-ਕਾਨੂੰਨੀ ਹਮਲਾ ਹੋਵੇਗਾ|