ਯੂ.ਕੇ. ਵਲੋਂ ਵਪਾਰ ਮਿਸ਼ਨ ਦੇ ਭਾਰਤ ਪਹੁੰਚਣ ’ਤੇ 1 ਅਰਬ ਪਾਊਂਡ ਦੇ ਸਮਝੌਤਿਆਂ ਦਾ ਸਵਾਗਤ
ਲੰਡਨ, 12 ਅਕਤੂਬਰ (ਏਜੰਸੀ)-ਯੂ. ਕੇ.
ਲੰਡਨ, 12 ਅਕਤੂਬਰ (ਏਜੰਸੀ)-ਯੂ.ਕੇ. ਸਰਕਾਰ ਨੇ ਇਕ ਅਰਬ ਪਾਉਂਡ ਦੇ ਨਵੇਂ ਸਮਝੌਤਿਆਂ ਦਾ ਸਵਾਗਤ ਕੀਤਾ ਹੈ। ਇਹ ਜਾਣਕਾਰੀ ਉਦੋਂ ਦਿੱਤੀ ਗਈ ਜਦੋਂ ਪਹਿਲਾ ਵੱਡਾ ਬ੍ਰਿਟਿਸ਼ ਵਫ਼ਦ ਭਾਰਤ ਪਹੁੰਚਿਆ। ਇਸ ਵਫ਼ਦ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਤੋਂ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਹੈ। ਯੂ.ਕੇ. ਦੇ ਵਪਾਰਕ ਸਕੱਤਰ ਜੋਨਾਥਨ ਰੇਨਾਲਡਸ, ਸਕਾਟਲੈਂਡ ਦੇ ਸਕੱਤਰ ਡਗਲਸ ਅਲੈਗਜੇਂਡਰ ਤੇ ਸਕੱਤਰ ਏਂਜਲਾ ਈਗਲ ਨਾਲ ਉਤਰੀ ਇੰਗਲੈਂਡ ਦੇ 7 ਮੇਅਰ ਤੇ ਵੱਖ ਵੱਖ ਖੇਤਰ ਦੀਆਂ 100 ਤੋਂ ਵੱਧ ਕੰਪਨੀਆਂ ਭਾਰਤ ਆਈਆਂ ਹਨ। ‘ਗ੍ਰੇਟ ਨਾਰਥ ਮਿਸ਼ਨ’ ਨਾਂਅ ਦਾ ਇਹ ਦੌਰਾ 15 ਜੁਲਾਈ ਨੂੰ ‘ਇੰਡੀਆ-ਯੂਕੇ ਕੰਪਰੀਹੈਂਸਿਵ ਇਕਨਾਮਿਕ ਐਂਡ ਟਰੇਡ ਐਗਰੀਮੈਂਟ’ ਲਾਗੂ ਹੋਣ ਦੇ ਲਗਪਗ ਤਿੰਨ ਮਹੀਨਿਆਂ ਬਾਅਦ ਹੋ ਰਿਹਾ ਹੈ। ਰੇਨਾਲਡਸ ਨੇ ਦੌਰੇ ਤੋਂ ਪਹਿਲਾਂ ਇਕ ਬਿਆਨ ’ਚ ਕਿਹਾ ਕਿ ਭਾਰਤ ਨਾਲ ਸਾਡੇ ਵਪਾਰਕ ਸਮਝੌਤੇ ਨੇ ਰਸਤੇ ਖੋਲ੍ਹ ਦਿੱਤੇ ਹਨ। ਹੁਣ ਸਾਡੇ ਉਤਰੀ ਮੇਅਰਾਂ ਦੀ ਅਗਵਾਈ ’ਚ ਖੇਤਰੀ ਕੰਪਨੀਆਂ ਭਾਈਵਾਲੀ ਬਣਾ ਕੇ ਨੌਕਰੀਆਂ, ਨਿਵੇਸ਼ ਤੇ ਵਿਕਾਸ ਨੂੰ ਬੜ੍ਹਾਵਾ ਦੇਣ ਦੀ ਦਿਸ਼ਾ ’ਚ ਅੱਗੇ ਵਧ ਰਹੀਆਂ ਹਨ।