ਪੈਨਸਿਲਵੇਨੀਆ ’ ਚ ਪਰਿਵਾਰ ਦੇ 7 ਮੈਂਬਰਾਂ ਸਮੇਤ 8 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ
ਨਿਊਯਾਰਕ, 12 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਈਰੀ ਸ਼ਹਿਰ ਵਿਚ ਇਕ ਵਿਅਕਤੀ ਵਲੋਂ ਆਪਣੇ ਹੀ ਪਰਿਵਾਰ ਦੇ 7 ਮੈਂਬਰਾਂ ਸਮੇਤ 8 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ’ਚ ਇਕ ਸਾਲ ਦੀ ਬੱਚੀ, ਪੰਜ ਸਾਲ ਦਾ ਬੱਚਾ ਅਤੇ ਇਕ ਗਰਭਵਤੀ ਔਰਤ ਵੀ ਸ਼ਾਮਿਲ ਹੈ।
ਨਿਊਯਾਰਕ, 12 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਈਰੀ ਸ਼ਹਿਰ ਵਿਚ ਇਕ ਵਿਅਕਤੀ ਵਲੋਂ ਆਪਣੇ ਹੀ ਪਰਿਵਾਰ ਦੇ 7 ਮੈਂਬਰਾਂ ਸਮੇਤ 8 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ’ਚ ਇਕ ਸਾਲ ਦੀ ਬੱਚੀ, ਪੰਜ ਸਾਲ ਦਾ ਬੱਚਾ ਅਤੇ ਇਕ ਗਰਭਵਤੀ ਔਰਤ ਵੀ ਸ਼ਾਮਿਲ ਹੈ। ਵਾਰਦਾਤ ਤੋਂ ਬਾਅਦ 45 ਸਾਲਾ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਅਨੁਸਾਰ ਇਹ ਘਟਨਾ ਸ਼ਾਮ ਕਰੀਬ ਪੰਜ ਵਜੇ ਇਕ ਘਰ ਵਿਚ ਵਾਪਰੀ। ਹਮਲਾਵਰ ਪਰਿਵਾਰ ਦਾ ਹੀ ਬਜ਼ੁਰਗ ਮੈਂਬਰ ਸੀ। ਗੋਲੀਬਾਰੀ ਵਿਚ ਮਾਰੇ ਗਏ ਅੱਠ ਲੋਕਾਂ ਵਿਚੋਂ ਸੱਤ ਉਸ ਦੇ ਰਿਸ਼ਤੇਦਾਰ ਸਨ, ਜਦਕਿ ਅੱਠਵੀਂ ਮ੍ਰਿਤਕ ਇਕ ਗਰਭਵਤੀ ਔਰਤ ਦੀ ਸਹੇਲੀ ਸੀ। ਈਰੀ ਪੁਲਿਸ ਮੁਖੀ ਰਿਕ ਲੋਰਾਹ ਨੇ ਦੱਸਿਆ ਕਿ ਜਾਂਚ ਦੌਰਾਨ ਮਿਲੀ ਵੀਡੀਓ ਤੇ ਆਡੀਓ ਰਿਕਾਰਡਿੰਗ ਤੋਂ ਪਤਾ ਲੱਗਾ ਹੈ ਕਿ ਘਰ ਅੰਦਰ ਗੋਲੀਆਂ ਚੱਲਣ ਤੋਂ ਬਾਅਦ ਦੋ ਔਰਤਾਂ ਦਰਵਾਜ਼ੇ ਕੋਲ ਪਹੁੰਚੀਆਂ ਤੇ ਮਦਦ ਲਈ ਆਵਾਜ਼ਾਂ ਮਾਰਨ ਲੱਗੀਆਂ। ਇਸ ਦੌਰਾਨ ਹਮਲਾਵਰ ਘਰ ਤੋਂ ਬਾਹਰ ਆਇਆ ਅਤੇ ਦੋਵਾਂ ਔਰਤਾਂ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੂੰ ਦੋ ਔਰਤਾਂ ਦੀਆਂ ਲਾਸ਼ਾਂ ਘਰ ਦੇ ਬਾਹਰ ਮਿਲੀਆਂ। ਘਰ ਦੀ ਪਹਿਲੀ ਮੰਜ਼ਿਲ ਤੋਂ ਪੰਜ ਸਾਲ ਦੇ ਬੱਚੇ ਅਤੇ ਇਕ ਸਾਲ ਦੀ ਬੱਚੀ ਦੀਆਂ ਲਾਸ਼ਾਂ ਮਿਲੀਆਂ, ਜਦਕਿ ਪੌੜੀਆਂ ਨੇੜਿਓਂ ਦੋ ਔਰਤਾਂ ਅਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਹਮਲਾਵਰ ਦੀ ਲਾਸ਼ ਦੂਜੀ ਮੰਜ਼ਿਲ ’ਤੇ ਮਿਲੀ। ਮ੍ਰਿਤਕ ਬੱਚੀ ਅਮਾਰੀਆਨਾ ਦੇ ਪਿਤਾ ਜੂਲੀਅਸ ਵਿੰਡਹੈਮ ਨੇ ਦੱਸਿਆ ਕਿ ਹਮਲਾਵਰ ਦੇ ਵਿਵਹਾਰ ਤੋਂ ਕਦੇ ਅਜਿਹੀ ਘਟਨਾ ਵਾਪਰਨ ਦਾ ਸ਼ੱਕ ਨਹੀਂ ਹੋਇਆ। ਇਸ ਵਾਰਦਾਤ ਵਿਚ ਉਸ ਦੀ ਧੀ, ਬੱਚੀ ਦੀ ਗਰਭਵਤੀ ਮਾਂ ਅਤੇ ਪੰਜ ਸਾਲਾ ਬੱਚੇ ਦੀ ਵੀ ਮੌਤ ਹੋ ਗਈ। ਪੁਲਿਸ ਨੇ ਅਜੇ ਤੱਕ ਹਮਲਾਵਰ ਦੀ ਪਛਾਣ ਜਨਤਕ ਨਹੀਂ ਕੀਤੀ। ਜਾਂਚ ਅਧਿਕਾਰੀ ਘਟਨਾ ਪਿੱਛੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।