ਅਮਰੀਕਾ ਵਿਚ ਯੂਕਰੇਨ ਤੇ ਸੂਡਾਨ ਦੇ ਇਕ ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਵੱਡੀ ਰਾਹਤ
ਨਿਊਯਾਰਕ, 20 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਦੇਸ਼ ਨਿਕਾਲੇ ਦੀ ਸਖ਼ਤੀ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਯੂਕਰੇਨ ਅਤੇ ਸੂਡਾਨ ਦੇ ਇਕ ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਫਿਲਹਾਲ ਰਾਹਤ ਦਿੱਤੀ ਹੈ। ਇਨ੍ਹਾਂ ਲੋਕਾਂ ਦੀ ਅਸਥਾਈ ਸੁਰੱਖਿਆ ਦੀ ਮਿਆਦ ਖ਼ਤਮ ਹੋਣ ਵਾਲੀ ਸੀ ਪਰ ਗ੍ਰਹਿ ਸੁਰੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਗਲਾ ਫ਼ੈਸਲਾ ਆਉਣ ਤੱਕ ਉਨ੍ਹਾਂ ਨੂੰ ਦੇਸ਼ ਵਿਚੋਂ ਨਹੀਂ ਕੱਢਿਆ ਜਾਵੇਗਾ।
ਨਿਊਯਾਰਕ, 20 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਦੇਸ਼ ਨਿਕਾਲੇ ਦੀ ਸਖ਼ਤੀ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਯੂਕਰੇਨ ਅਤੇ ਸੂਡਾਨ ਦੇ ਇਕ ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਫਿਲਹਾਲ ਰਾਹਤ ਦਿੱਤੀ ਹੈ। ਇਨ੍ਹਾਂ ਲੋਕਾਂ ਦੀ ਅਸਥਾਈ ਸੁਰੱਖਿਆ ਦੀ ਮਿਆਦ ਖ਼ਤਮ ਹੋਣ ਵਾਲੀ ਸੀ ਪਰ ਗ੍ਰਹਿ ਸੁਰੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਗਲਾ ਫ਼ੈਸਲਾ ਆਉਣ ਤੱਕ ਉਨ੍ਹਾਂ ਨੂੰ ਦੇਸ਼ ਵਿਚੋਂ ਨਹੀਂ ਕੱਢਿਆ ਜਾਵੇਗਾ।ਇਸ ਫ਼ੈਸਲੇ ਨਾਲ ਯੂਕਰੇਨ ਦੇ ਕਰੀਬ 1 ਲੱਖ 1 ਹਜ਼ਾਰ ਅਤੇ ਸੂਡਾਨ ਦੇ 1,800 ਪ੍ਰਵਾਸੀਆਂ ਨੂੰ ਰਾਹਤ ਮਿਲੀ ਹੈ। ਇਹ ਲੋਕ ‘ਟੈਂਪਰੇਰੀ ਪ੍ਰੋਟੈਕਟਿਡ ਸਟੇਟਸ’ (ਟੀ.ਪੀ.ਐਸ.) ਤਹਿਤ ਅਮਰੀਕਾ ਵਿਚ ਰਹਿ ਰਹੇ ਹਨ। ਸਰਕਾਰ ਨੇ ਹਾਲੇ ਇਹ ਨਹੀਂ ਦੱਸਿਆ ਕਿ ਸੁਰੱਖਿਆ ਕਿੰਨੇ ਸਮੇਂ ਲਈ ਜਾਰੀ ਰਹੇਗੀ। ਕੰਮ ਕਰਨ ਦੇ ਪਰਮਿਟਾਂ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ।ਅਮਰੀਕਾ ਵਿਚ ਟੀ.ਪੀ.ਐਸ. ਪ੍ਰੋਗਰਾਮ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਬਣਾਇਆ ਗਿਆ ਸੀ, ਜਿਥੇ ਜੰਗ, ਕੁਦਰਤੀ ਆਫ਼ਤ ਜਾਂ ਗੰਭੀਰ ਹਲਾਤ ਕਾਰਨ ਲੋਕਾਂ ਦੀ ਵਾਪਸੀ ਸੁਰੱਖਿਅਤ ਨਹੀਂ ਹੁੰਦੀ। ਇਸ ਤਹਿਤ ਪ੍ਰਵਾਸੀਆਂ ਨੂੰ ਅਸਥਾਈ ਤੌਰ ‘ਤੇ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ ਪਰ ਪੱਕੀ ਰਿਹਾਇਸ਼ ਜਾਂ ਗ੍ਰੀਨ ਕਾਰਡ ਨਹੀਂ ਮਿਲਦਾ। ਸੰਘੀ ਨਿਯਮਾਂ ਅਨੁਸਾਰ ਜੇਕਰ ਸਰਕਾਰ ਮਿਆਦ ਖ਼ਤਮ ਹੋਣ ਤੋਂ 60 ਦਿਨ ਪਹਿਲਾਂ ਕੋਈ ਫ਼ੈਸਲਾ ਨਹੀਂ ਕਰਦੀ ਤਾਂ ਇਹ ਸੁਰੱਖਿਆ ਆਪਣੇ ਆਪ ਛੇ ਮਹੀਨੇ ਲਈ ਵਧ ਜਾਂਦੀ ਹੈ।