ਏ . ਆਈ . ਕਾਰਨ ਪੜ੍ਹਾਈ ਦੀ ਡੂੰਘੀ ਸਮਝ ਪ੍ਰਭਾਵਿਤ ਹੋਣ ਦਾ ਡਰ , 82 ਫ਼ੀਸਦੀ ਭਾਰਤੀ ਵਿਦਿਆਰਥੀ ਚਿੰਤਤ - ਰਿਪੋਰਟ
ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.)
ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਧ ਰਹੀ ਵਰਤੋਂ ਬਾਰੇ ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ 82 ਫ਼ੀਸਦੀ ਭਾਰਤੀ ਵਿਦਿਆਰਥੀ ਇਸ ਗੱਲੋਂ ਚਿੰਤਤ ਹਨ ਕਿ ਏ.ਆਈ. ਰਾਹੀਂ ਪੜ੍ਹਾਈ ਅਤੇ ਹੋਰ ਕੰਮ ਤਾਂ ਤੇਜ਼ੀ ਨਾਲ ਪੂਰੇ ਹੋ ਜਾਂਦੇ ਹਨ ਪਰ ਇਸ ਨਾਲ ਵਿਸ਼ਿਆਂ ਨੂੰ ਡੂੰਘਾਈ ਨਾਲ ਸਮਝਣ ਅਤੇ ਸਿੱਖਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।ਯੂ ਕੇ ਵਿਚ ਪ੍ਰਕਾਸ਼ਿਤ ਹੋਈ ਰਿਪੋਰਟ ਅਨੁਸਾਰ, ਵਿਦਿਆਰਥੀ ਆਧੁਨਿਕ ਤਕਨਾਲੋਜੀ ਦਾ ਲਾਭ ਲੈਣ ਦੇ ਨਾਲ-ਨਾਲ ਰਵਾਇਤੀ ਪੜ੍ਹਾਈ ਦੇ ਤਰੀਕਿਆਂ ਨੂੰ ਵੀ ਮਹੱਤਵ ਦੇ ਰਹੇ ਹਨ। ਸਰਵੇਖਣ ਵਿੱਚ 42 ਫ਼ੀਸਦੀ ਵਿਦਿਆਰਥੀਆਂ ਨੇ ਜਾਣਕਾਰੀ ਨੂੰ ਲੰਮੇ ਸਮੇਂ ਤੱਕ ਯਾਦ ਰੱਖਣ ਲਈ ਛਪੀਆਂ ਕਿਤਾਬਾਂ ਅਤੇ ਹੱਥੀਂ ਲਿਖੇ ਨੋਟਸ ਨੂੰ ਤਰਜੀਹ ਦਿੱਤੀ, ਜਦਕਿ ਸਿਰਫ਼ 17 ਫ਼ੀਸਦੀ ਨੇ ਏ.ਆਈ. ਵੱਲੋਂ ਤਿਆਰ ਕੀਤੇ ਸੰਖੇਪ ਨੋਟਸ ਨੂੰ ਤਰਜੀਹ ਦਿੱਤੀ। ਦੂਜੇ ਪਾਸੇ, ਵਿਦਿਆਰਥੀਆਂ ਵਿੱਚ ਭਵਿੱਖ ਦੇ ਰੁਜ਼ਗਾਰ ਬਾਰੇ ਉਤਸ਼ਾਹ ਵੀ ਪਾਇਆ ਗਿਆ। ਸਰਵੇਖਣ ਵਿੱਚ ਤਿੰਨ-ਚੌਥਾਈ ਤੋਂ ਵੱਧ ਵਿਦਿਆਰਥੀਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਏ.ਆਈ. ਭਵਿੱਖ ਵਿੱਚ ਖ਼ਤਮ ਹੋਣ ਵਾਲੀਆਂ ਨੌਕਰੀਆਂ ਦੇ ਮੁਕਾਬਲੇ ਰੁਜ਼ਗਾਰ ਦੇ ਵੱਧ ਨਵੇਂ ਮੌਕੇ ਪੈਦਾ ਕਰੇਗੀ। ਇਸੇ ਤਰ੍ਹਾਂ 87 ਫ਼ੀਸਦੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਕੰਮਕਾਜ ਵਾਲੀਆਂ ਥਾਵਾਂ ‘ਤੇ ਏ.ਆਈ. ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਦੇ ਸਮਰੱਥ ਹਨ।ਰਿਪੋਰਟ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਭਾਰਤੀ ਵਿਦਿਆਰਥੀ ਏ.ਆਈ. ਨੂੰ ਪੜ੍ਹਾਈ ਵਿੱਚ ਸਹਾਇਕ ਸਾਧਨ ਵਜੋਂ ਵਰਤਣਾ ਚਾਹੁੰਦੇ ਹਨ, ਪਰ ਉਹ ਇਸ ਗੱਲ ਤੋਂ ਸੁਚੇਤ ਹਨ ਕਿ ਤਕਨਾਲੋਜੀ ਉੱਤੇ ਹੱਦੋਂ ਵੱਧ ਨਿਰਭਰਤਾ ਉਨ੍ਹਾਂ ਦੀ ਸੋਚਣ, ਸਮਝਣ ਅਤੇ ਆਪਣੇ ਆਪ ਸਮੱਸਿਆਵਾਂ ਹੱਲ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।