29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਜਥੇਦਾਰ ਗੜਗੱਜ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਬਰਤਾਨੀਆ ਦੀ ਸੰਸਦ ਨੂੰ ਸੰਬੋਧਨ

ਲੰਡਨ, 28 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂ. ਕੇ.

Ad Position 21
No active advertisement
ਬਰਤਾਨੀਆ ਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਕੁਲਦੀਪ ਸਿੰਘ ਗੜਗੱਜ, ਨਾਲ ਹੋਰ ਸਿੱਖ ਸ਼ਖ਼ਸੀਅਤਾਂ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ 29-10-2026
ਲੰਡਨ, 28 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂ.ਕੇ. ਅਧਾਰਿਤ ਸੰਸਥਾ ‘ਸਿੱਖ ਰਿਕਵਰੀ ਨੈਟਵਰਕ’ ਜੋ ਨਸ਼ੇ ਤੋਂ ਪੀੜਤ ਲੋਕਾਂ ਨੂੰ ਵਾਪਸ ਮੁੱਖ ਧਾਰਾ ਵਿਚ ਜੋੜਨ ਦਾ ਕਾਰਜ ਕਰਦੀ ਹੈ, ਦੀ 10ਵੀਂ ਵਰ੍ਹੇਗੰਢ ਸਮਾਗਮ ਵਿਚ ਸ਼ਮੂਲੀਅਤ ਕੀਤੀ। ਇਹ ਸਮਾਗਮ ਯੂ.ਕੇ. ਦੀ ਸੰਸਦ ਅੰਦਰ ਹੋਇਆ, ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਅਤੇ ਨਸ਼ਾ ਛੱਡ ਕੇ ਮੁੱਖ ਧਾਰਾ ਵਿਚ ਜੁੜਣ ਵਾਲੇ ਕੁਝ ਵਿਅਕਤੀਆਂ ਨੇ ਆਪਣੇ ਵਿਚਾਰ ਰੱਖੇ ਅਤੇ ਅਜਿਹੇ ਉਪਰਾਲਿਆਂ ਦੀ ਲੋੜ ਤੇ ਮਹੱਤਤਾ ਉਤੇ ਜ਼ੋਰ ਦਿੱਤਾ। ਇਸ ਮੌਕੇ ਮਾਨਸਾ ਵਿਚ ਨਸ਼ਿਆਂ ਵਿਰੁੱਧ ਸੰਘਰਸ਼ ਕਰਦਿਆਂ ਸ਼ਹੀਦ ਹੋਏ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਯਾਦ ਕਰਦਿਆਂ ਮੂਲ-ਮੰਤਰ ਦੇ ਜਾਪ ਕੀਤੇ ਗਏ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਦੀ ਹੱਤਿਆ ਮਾਮਲੇ ਵਿਚ ਇਨਸਾਫ਼ ਅਤੇ ਪੰਜਾਬ ਦੇ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੇ ਸੰਘਰਸ਼ ਦੀ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਯੂ.ਕੇ. ਵਿਚ ਸਮੈਧਿਕ ਤੋਂ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ, ਬਰਮਿੰਘਮ ਤੋਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ, ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਡਡਲੀ ਤੋਂ ਸੰਸਦ ਮੈਂਬਰ ਸੋਨੀਆ ਕੁਮਾਰ, ਸਿੱਖ ਰਿਕਵਰੀ ਨੈਟਵਰਕ ਦੇ ਸੰਸਥਾਪਕ ਜਸਵਿੰਦਰ ਸਿੰਘ ਰਾਏ, ਕਾਰਜਕਾਰਨੀ ਬੋਰਡ ਮੈਂਬਰ ਤਰਸੇਮ ਸਿੰਘ, ਕਮਲਦੀਪ ਸਿੰਘ ਸਮਰਾ, ਓਂਕਾਰ ਸਿੰਘ, ਸੁਖਦੀਪ ਸਿੰਘ ਰੰਧਾਵਾ, ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਸਲਾਹਕਾਰ ਜਸਕਰਨ ਸਿੰਘ, ਸਤਿੰਦਰ ਸਿੰਘ ਮੰਗੂਵਾਲ, ਅਜੇਪਾਲ ਸਿੰਘ ਨਾਗੋਕੇ, ਅਮਰਿੰਦਰ ਸਿੰਘ ਝਬਾਲ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ‘ਸਿੱਖ ਰਿਕਵਰੀ ਨੈਟਵਰਕ’ ਵਲੋਂ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ, ਜਿਸ ਨਾਲ ਪੀੜਤ ਪਰਿਵਾਰਾਂ ਦੀ ਭਲਾਈ ਹੋ ਰਹੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਜ਼ਿਆਦਾ ਕਸੂਰਵਾਰ ਨਹੀਂ, ਬਲਕਿ ਇਸ ਵਿਚ ਕਸੂਰ ਮਾੜੀ ਸੰਗਤ ਦਾ ਹੈ। ਨਸ਼ਾ ਕਰਨ ਵਾਲੇ ਪੀੜਤ ਨੂੰ ਸਹਿਯੋਗ ਤੇ ਪਿਆਰ ਦੀ ਗਲਵੱਕੜੀ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਸ਼ਾ ਮਿਲੇ ਹੀ ਨਾ ਤਾਂ ਇਸ ਰਸਤੇ ਵੱਲ ਕੋਈ ਛੇਤੀ ਤੁਰੇ ਵੀ ਨਾ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਸ਼ਰਾਬ ਦੇ ਨਾਲ-ਨਾਲ ਚਿੱਟੇ ਆਦਿ ਜਿਹੇ ਸੰਥੈਟਿਕ ਅਤੇ ਮੈਡੀਕਲ ਨਸ਼ਿਆਂ ਦੀ ਬਹੁਤ ਭਿਆਨਕ ਮਾਰ ਹੈ। ਨਸ਼ਿਆਂ ਨਾਲ ਜਿਥੇ ਵਿਅਕਤੀ ਆਪ ਪੀੜਤ ਹੁੰਦਾ ਹੈ, ਉਥੇ ਹੀ ਉਸ ਦਾ ਪਰਿਵਾਰ ਵੀ ਬਹੁਤ ਦੁਖੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਇਕ ਏਜੰਡਾ ਨੌਜਵਾਨਾਂ ਨੂੰ ਨਸ਼ੇ ਤਿਆਗਣ ਲਈ ਪ੍ਰੇਰਿਤ ਕਰਨਾ ਵੀ ਸੀ। ਮਾਰਚ ਦੌਰਾਨ ਨਸ਼ਾ ਕਰਨ ਵਾਲੇ ਸੈਂਕੜੇ ਨੌਜਵਾਨ ਉਨ੍ਹਾਂ ਨੂੰ ਆ ਕੇ ਮਿਲੇ ਅਤੇ ਉਨ੍ਹਾਂ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਇਸ ਵਿਚ ਮੁਸ਼ਕਲ ਹੈ ਕਿ ਨਸ਼ੇ ਦੇ ਵਿਕਰੀ ਰੋਕਣ ਵਿਚ ਸਰਕਾਰਾਂ ਨਾਕਾਮਯਾਬ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਛਡਾਊ ਕੇਂਦਰ ਹਨ ਪਰ ਉਹ ਵੀ ਕਾਮਯਾਬ ਨਹੀਂ, ਉਥੇ ਨੌਜਵਾਨਾਂ ਨੂੰ ਨਸ਼ਾ ਛਡਾ ਕੇ ਗੋਲੀਆਂ ਉੱਥੇ ਲਾ ਦਿੱਤਾ ਜਾਂਦਾ ਹੈ, ਜੋ ਕਿ ਸਹੀ ਤਰੀਕਾ ਨਹੀਂ ਅਤੇ ਨਾ ਹੀ ਪੱਕਾ ਹੱਲ ਹੈ।ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਯੂ.ਕੇ. ਸੰਸਦ ਵਿਖੇ ਲਾਰਡ ਕੁਲਦੀਪ ਸਿੰਘ ਸਹੋਤਾ ਨੇ ਵੀ ਮੁਲਾਕਾਤ ਕੀਤੀ ਅਤੇ ਕੁਝ ਮਾਮਲਿਆਂ ਸੰਬੰਧੀ ਵਿਚਾਰਾਂ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਨੀਲਮ ਤੇ ਕਾਜਲ ਨੂੰ ਚਾਂਦੀ ਦੇ ਤਗਮੇ ਅਗਲੀ ਖ਼ਬਰ ਈਸ਼ਾਨ ਨੂੰ ਪਛਾੜ ਕੇ ਵਿਸ਼ਵ ਦੇ ਨੰਬਰ ਇਕ ਟੀ-20 ਬੱਲੇਬਾਜ਼ ਬਣੇ ਅਭਿਸ਼ੇਕ
Ad Position 24