ਯਮੁਨਾਨਗਰ, 2 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸਮਾਜ ਵਿਰੋਧੀ ਗਤੀਵਿਧੀਆਂ 'ਤੇ ਕਾਬੂ ਪਾਉਣ ਲਈ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਵਲੋਂ ਆਮ ਲੋਕਾਂ ਨੂੰ ਬਾਹਰੋਂ ਆਉਣ ਵਾਲੇ ਕਿਰਾਏਦਾਰਾਂ ਤੇ ਨੌਕਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਕੁਝ ਅਪਰਾਧਿਕ ਕਿਸਮ ਦੇ ਲੋਕ ਜੋ ਬਾਹਰੋਂ ਆ ਕੇ ਇਥੇ ਕਿਰਾਏ 'ਤੇ ਰਹਿੰਦੇ ਹਨ ਅਤੇ ਅਪਰਾਧ ਕਰਨ ਮਗਰੋਂ ਫਰਾਰ ਹੋ ਜਾਂਦੇ ਹਨ, ਜਿਨ੍ਹਾਂ ਦਾ ਮਕਾਨ ਮਾਲਕ ਜਾਂ ਪੁਲਿਸ ਕੋਲ ਕੋਈ ਰਿਕਾਰਡ ਨਾ ਹੋਣ ਉਸ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਂਦਾ ਹੈ | ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਪੁਲਿਸ ਸਮੇਂ-ਸਮੇਂ 'ਤੇ ਕਿਰਾਏਦਾਰਾਂ ਤੇ ਨੌਕਰਾਂ ਦੀ ਤਸਦੀਕ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਉਂਦੀ ਹੈ | ਉਨ੍ਹਾਂ ਕਿਹਾ ਕਿ ਇਹ ਮੁਹਿੰਮਾਂ ਕਿਰਾਏਦਾਰ ਜਾਂ ਨੌਕਰ ਦਾ ਅਪਰਾਧਿਕ ਦੋਸ਼ੀ ਹੋਣ ਜਾਂ ਅਪਰਾਧ ਕਰਨ ਦਾ ਸ਼ੱਕੀ ਵਿਅਕਤੀ ਹੋਣ ਜਾਂ ਨਾ ਹੋਣ ਦਾ ਤਸਦੀਕ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਵਪਾਰਕ ਅਦਾਰਿਆਂ, ਉਦਯੋਗਿਕ ਅਦਾਰਿਆਂ, ਫੈਕਟਰੀਆਂ, ਰੈਸਟੋਰੈਂਟਾਂ ਅਤੇ ਠੇਕੇਦਾਰਾਂ ਨੂੰ ਬਾਹਰੀ ਰਾਜਾਂ ਦੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਰਿਕਾਰਡ ਸੰਬੰਧਿਤ ਪੁਲਿਸ ਸਟੇਸ਼ਨ 'ਚ ਜਮ੍ਹਾ ਕਰਵਾਉਣਾ ਜ਼ਰੂਰੀ ਹੈ ਅਤੇ ਮਾਲਕਾਂ ਕੋਲ ਸਥਾਨਕ ਕਰਮਚਾਰੀਆਂ ਦੇ ਆਧਾਰ ਕਾਰਡ ਵੀ ਹੋਣੇ ਚਾਹੀਦੇ ਹਨ | ਇਸ ਸੰਬੰਧੀ ਲਾਪ੍ਰਵਾਹੀ ਪਾਏ ਜਾਣ ਵਾਲੇ ਕਿਸੇ ਵੀ ਮਾਲਕ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ |