ਸਿਰਸਾ, 6 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਪੁਲਿਸ ਨਸ਼ਾ ਤਸਕਰਾਂ 'ਤੇ ਆਪਣੀ ਕਾਰਵਾਈ ਜਾਰੀ ਰੱਖ ਰਹੀ ਹੈ | ਪੁਲਿਸ ਸੁਪਰਡੈਂਟ ਦੀਪਕ ਸਹਾਰਨ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਸਿਰਸਾ ਵਿਚ ਆਪਣਾ ਪ੍ਰਭਾਵ ਨਹੀਂ ਫੈਲਾਉਣ ਦਿੱਤਾ ਜਾਵੇਗਾ | ਇਸ ਸੰਬੰਧ 'ਚ ਜ਼ਿਲ੍ਹੇ ਦੀਆਂ ਵੱਖ-ਵੱਖ ਪੁਲਿਸ ਟੀਮਾਂ ਨੇ ਗਸ਼ਤ ਤੇ ਚੈਕਿੰਗ ਦੌਰਾਨ ਮਹੱਤਵਪੂਰਨ ਜਾਣਕਾਰੀ 'ਤੇ ਕਾਰਵਾਈ ਕਰਦਿਆਂ, ਵੱਖ-ਵੱਖ ਥਾਵਾਂ ਤੋਂ ਪੰਜ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਦੀ ਕੀਮਤ ਦੀ 50 ਗ੍ਰਾਮ ਤੇ 143 ਮਿਲੀਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਵੇਰਵੇ ਦਿੰਦੇ ਹੋਏ ਪੁਲਿਸ ਸੁਪਰਡੈਂਟ ਦੀਪਕ ਸਹਾਰਨ ਨੇ ਦੱਸਿਆ ਕਿ ਨਾਰਕੋਟਿਕਸ ਸੈੱਲ ਸਿਰਸਾ ਦੀ ਇਕ ਪੁਲਿਸ ਟੀਮ ਬਰਨਾਲਾ ਰੋਡ 'ਤੇ ਸ਼ਕਤੀ ਨਗਰ ਖੇਤਰ ਵਿਚ ਗਸ਼ਤ ਕਰ ਰਹੀ ਸੀ | ਗਸ਼ਤ ਦੌਰਾਨ ਇਕ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਦਿਖਾਈ ਦਿੱਤਾ | ਪੁਲਿਸ ਦੀ ਗੱਡੀ ਦੇਖ ਕੇ ਨੌਜਵਾਨ ਨੇ ਅਚਾਨਕ ਆਪਣਾ ਮੋਟਰਸਾਈਕਲ ਪਿੱਛੇ ਮੋੜ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ | ਸ਼ੱਕ ਦੇ ਆਧਾਰ 'ਤੇ ਪੁਲਿਸ ਟੀਮ ਨੇ ਦੋਸ਼ੀ ਸੁਖਪ੍ਰੀਤ ਸਿੰਘ ਉਰਫ ਸੁੱਖਾ ਪੁੱਤਰ ਲਖਬੀਰ ਸਿੰਘ ਵਾਸੀ ਸ਼ਕਤੀ ਨਗਰ, ਸਿਰਸਾ ਨੂੰ ਫੜ ਲਿਆ ਅਤੇ ਤਲਾਸ਼ੀ ਲਈ | ਉਸ ਦੇ ਕਬਜ਼ੇ ਵਿਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ | ਇਕ ਹੋਰ ਘਟਨਾ ਵਿਚ ਸਿਰਸਾ ਸਿਟੀ ਪੁਲਿਸ ਸਟੇਸ਼ਨ ਦੀ ਸਬਜ਼ੀ ਮੰਡੀ ਪੁਲਿਸ ਚੌਕੀ ਸੀ. ਐਮ. ਕੇ. ਕਾਲਜ, ਸਿਰਸਾ ਦੇ ਟੀ-ਪੁਆਇੰਟ ਖੇਤਰ 'ਚ ਗਸ਼ਤ ਕਰ ਰਹੀ ਸੀ | ਗਸ਼ਤ ਦੌਰਾਨ ਇਕ ਨੌਜਵਾਨ ਨੂੰ ਸੀ. ਐਮ. ਕੇ. ਕਾਲਜ ਦੀ ਦਿਸ਼ਾ ਤੋਂ ਪੈਦਲ ਆਉਂਦੇ ਦੇਖਿਆ | ਪੁਲਿਸ ਗੱਡੀ ਦੇਖ ਕੇ ਨੌਜਵਾਨ ਅਚਾਨਕ ਪਿੱਛੇ ਮੁੜਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਦੋਸ਼ੀ ਪੁਸ਼ਕਨ ਉਰਫ ਬਾਬੂ ਪੁੱਤਰ ਕਿ੍ਸ਼ਨ ਕੁਮਾਰ ਵਾਸੀ ਸੁਭਾਸ਼ ਬਸਤੀ, ਸਿਰਸਾ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਇਕ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਵਿਚ ਤਲਾਸ਼ੀ ਲਈ | ਉਸਦੇ ਕਬਜ਼ੇ 'ਚੋਂ 15 ਗ੍ਰਾਮ ਤੇ 10 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ | ਸੀ. ਆਈ. ਏ. ਏਲਨਾਬਾਦ ਦੀ ਪੁਲਿਸ ਟੀਮ ਹਨੂੰਮਾਨਗੜ੍ਹ ਰੋਡ ਏਲਨਾਬਾਦ ਇਲਾਕੇ ਵਿਚ ਗਸ਼ਤ 'ਤੇ ਸੀ, ਜਦੋਂ ਉਹ ਸੰਕਟ ਮੋਚਨ ਮੰਦਿਰ ਏਲਨਾਬਾਦ ਦੇ ਨੇੜੇ ਪਹੁੰਚੀ ਤਾਂ ਉਨ੍ਹਾਂ ਨੇ ਸਾਹਮਣੇ ਤੋਂ ਇਕ ਨੌਜਵਾਨ ਨੂੰ ਇਕ ਕਾਰ ਵਿਚ ਆਉਂਦਾ ਦੇਖਿਆ | ਸਾਹਮਣੇ ਪੁਲਿਸ ਗੱਡੀ ਨੂੰ ਦੇਖ ਕੇ ਨੌਜਵਾਨ ਨੇ ਅਚਾਨਕ ਕਾਰ ਨੂੰ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਕਾਰ ਅਚਾਨਕ ਰੁਕ ਗਈ | ਸ਼ੱਕ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਕਾਰ 'ਚ ਸਵਾਰ ਨੌਜਵਾਨ ਨੂੰ ਫੜ ਲਿਆ ਤੇ ਭੱਜਣ ਦਾ ਕਾਰਨ ਪੁੱਛਿਆ, ਪਰ ਨੌਜਵਾਨ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ | ਇਕ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਵਿਚ ਪੁਲਿਸ ਪਾਰਟੀ ਨੇ ਦੋਸ਼ੀ ਭੂਪੇਂਦਰ ਸਿੰਘ ਉਰਫ਼ ਵਿਰਾਟ ਪੁੱਤਰ ਜ਼ੋਰਾਵਰ ਸਿੰਘ ਵਾਸੀ ਪਿੰਡ ਚੌਟਾਲਾ ਦੀ ਕਾਰ ਦੀ ਤਲਾਸ਼ੀ ਲਈ ਅਤੇ ਕਾਰ ਦੇ ਡੈਸ਼ਬੋਰਡ ਤੋਂ 8 ਗ੍ਰਾਮ 94 ਮਿਲੀਗ੍ਰਾਮ ਹੈਰੋਇਨ ਤੇ 34 ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ | ਇਕ ਹੋਰ ਘਟਨਾ 'ਚ ਸੀ. ਆਈ. ਏ. ਏਲਨਾਬਾਦ ਪੁਲਿਸ ਟੀਮ ਨੇ ਗਸ਼ਤ ਦੌਰਾਨ ਏਲਨਾਬਾਦ ਬੱਸ ਅੱਡੇ ਦੇ ਨੇੜੇ ਇਕ ਸਕੂਟਰ ਸਵਾਰ ਜਗਦੀਸ਼ ਚੰਦਰ ਉਰਫ਼ ਜੋਨੀ ਪੁੱਤਰ ਕਸਤੂਰੀ ਲਾਲ ਵਾਸੀ ਵਾਰਡ ਨੰਬਰ 14, ਏਲਨਾਬਾਦ ਨੂੰ ਗਿ੍ਫ਼ਤਾਰ ਕਰ ਲਿਆ | ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ 6 ਗ੍ਰਾਮ ਅਤੇ 23 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ | ਜ਼ਿਲ੍ਹੇ ਦੇ ਏ. ਬੀ. ਵੀ. ਟੀ. ਸਟਾਫ਼ ਦੀ ਇਕ ਪੁਲਿਸ ਟੀਮ ਨੇ ਗਸ਼ਤ ਦੌਰਾਨ ਰੇਸ਼ਮ ਸਿੰਘ ਉਰਫ਼ ਰੇਸ਼ੀ ਪੁੱਤਰ ਜਗਰਾਜ ਸਿੰਘ ਵਾਸੀ ਵਾਰਡ ਨੰਬਰ 19, ਰੋੜੀ ਨੂੰ ਰੋੜੀ ਦੇ ਵਾਟਰ ਵਰਕਸ ਨੇੜੇ, ਰੋੜੀ ਪੁਲਿਸ ਸਟੇਸ਼ਨ ਖੇਤਰ ਵਿਚ ਗਿ੍ਫ਼ਤਾਰ ਕੀਤਾ ਅਤੇ ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ 6 ਗ੍ਰਾਮ ਤੇ 16 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਪੰਜ ਨੌਜਵਾਨਾਂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਸੰਬੰਧਤ ਥਾਣਿਆਂ ਵਿਚ ਕੇਸ ਦਰਜ ਕੀਤੇ ਗਏ ਹਨ ਤੇ ਜਾਂਚ ਸੰਬੰਧਤ ਥਾਣਿਆਂ 'ਚ ਤਬਦੀਲ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ | ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ |