ਯਮੁਨਾਨਗਰ, 23 ਜਨਵਰੀ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਦੇ ਰਾਜਪਾਲ ਪੰਡਿਤ ਅਸ਼ੀਮ ਕੁਮਾਰ ਘੋਸ਼ ਵਲੋਂ ਲੋਕ ਭਵਨ ਹਰਿਆਣਾ ਵਿਖੇ ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵਲੋਂ ਲਿਖੀ ਗਈ ਕਿਤਾਬ 'ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਲੋਕ : ਅਨੰਤ ਹਕੀਕਤ ਦੀ ਪ੍ਰਾਪਤੀ ਦੀ ਯਾਤਰਾ' ਰਿਲੀਜ਼ ਕੀਤੀ ਗਈ | ਇਸ ਮੌਕੇ ਰਾਜਪਾਲ ਪੰਡਿਤ ਅਸ਼ੀਮ ਕੁਮਾਰ ਘੋਸ਼ ਨੇ ਬੌਧਿਕ ਅਤੇ ਅਕਾਦਮਿਕ ਦਿ੍ਸ਼ਟੀਕੋਣ ਤੋਂ ਇਸ ਕਿਤਾਬ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੇਂ ਸ਼ਹੀਦੀ ਦਿਹਾੜੇ ਨੂੰ ਧਿਆਨ 'ਚ ਰੱਖਦੇ ਹੋਏ ਡਾ. ਭੱਲਾ ਵਲੋਂ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ 'ਤੇ ਆਧਾਰਿਤ ਇਹ ਕਿਤਾਬ ਨਿਸ਼ਚਿਤ ਤੌਰ 'ਤੇ ਸਿਖਰ ਹੈ | ਉਨ੍ਹਾਂ ਕਿਹਾ ਕਿ ਡਾ. ਭੱਲਾ ਨੇ ਇਹ ਕਿਤਾਬ ਲਗਨ ਤੇ ਡੂੰਘੀ ਸਮਝ ਨਾਲ ਲਿਖੀ ਹੈ | ਉਨ੍ਹਾਂ ਕਿਹਾ ਕਿ ਲੇਖਕ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਆਧੁਨਿਕ ਸੰਦਰਭ ਨਾਲ ਜੋੜ ਕੇ ਲਿਖਿਆ ਹੈ | ਇਸ ਨੂੰ ਸਰਲ ਤੇ ਸਪੱਸ਼ਟ ਭਾਸ਼ਾ 'ਚ ਸਮਝਾਇਆ ਗਿਆ ਹੈ, ਜੋ ਕਿ ਅਕਾਦਮਿਕ ਜਗਤ ਦੇ ਨਾਲ-ਨਾਲ ਆਮ ਪਾਠਕਾਂ ਲਈ ਵੀ ਬਹੁਤ ਉਪਯੋਗੀ ਹੈ | ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਮੈਂਬਰ ਅਤੇ ਹਰਿਆਣਾ ਦੇ ਸਾਬਕਾ ਸੀਨੀਅਰ ਐਡਵੋਕੇਟ ਜਨਰਲ ਜਸਮੀਤ ਸਿੰਘ ਬੇਦੀ ਨੇ ਕਿਹਾ ਕਿ ਪਿ੍ੰ. ਡਾ. ਭੱਲਾ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਸਰਵ-ਵਿਆਪੀ ਸਿੱਖਿਆਵਾਂ ਦੇ ਡੂੰਘੇ ਅਧਿਐਨ ਤੋਂ ਬਾਅਦ ਦਾਰਸ਼ਨਿਕ ਅਤੇ ਅਕਾਦਮਿਕ ਦਿ੍ਸ਼ਟੀਕੋਣ ਤੋਂ ਚੰਗੀ ਤਰ੍ਹਾਂ ਪੇਸ਼ ਕੀਤਾ ਹੈ | ਪਿ੍ੰ. ਡਾ. ਭੱਲਾ ਨੇ ਆਪਣੀ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਕਿਤਾਬ ਦਾ ਮੁੱਖ ਉਦੇਸ਼ ਪਾਠਕਾਂ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਤੇ ਸਿੱਖਿਆਵਾਂ ਬਾਰੇ ਜਾਣੂ ਕਰਵਾਉਣਾ ਹੈ | ਉਨ੍ਹਾਂ ਦੀ ਬਾਣੀ ਦੀ ਦਾਰਸ਼ਨਿਕ ਤੇ ਬੌਧਿਕ ਵਿਆਖਿਆ ਰਾਹੀਂ ਮਨੁੱਖ ਨੂੰ ਅਧਿਆਤਮਿਕ ਉੱਚਾਈ, ਅੰਦਰੂਨੀ ਚੇਤਨਾ ਅਤੇ ਅਨੰਤਤਾ ਦੇ ਅਨੁਭਵ ਵੱਲ ਲੈ ਕੇ ਜਾਣਾ ਹੈ | ਉਨ੍ਹਾਂ ਖਾਸ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਪੁਸਤਕ ਦੌਰਾਨ ਹਰਮੋਹਿੰਦਰ ਸਿੰਘ ਬੇਦੀ ਚਾਂਸਲਰ ਕੇਂਦਰੀ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਦੁਆਰਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ | ਇਸ ਮੌਕੇ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਗੁਰੂ ਨਾਨਕ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਥਾਹ ਯੋਗਦਾਨ ਅਤੇ ਯੋਗ ਮਾਰਗਦਰਸ਼ਨ ਕਾਰਨ ਹੀ ਉਹ ਇਸ ਕਿਤਾਬ ਨੂੰ ਪਾਠਕਾਂ ਤੱਕ ਪਹੁੰਚਾਉਣ 'ਚ ਸਫਲ ਰਹੇ ਹਨ |