ਯਮੁਨਾਨਗਰ, 23 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੇਠ ਅਸ਼ੋਕ ਕੁਮਾਰ ਦੇ ਜਨਮ ਦਿਨ ਮੌਕੇ 42ਵਾਂ ਖੇਡ ਮੇਲਾ ਕਰਵਾਇਆ | ਇਸ ਮੌਕੇ ਵਿਸ਼ੇਸ਼ ਮਹਿਮਾਨ ਸਾਇਰਸ ਸ਼ਰਾਫ ਤੇ ਪ੍ਰੋ. ਡਾ. ਰੁਖਸਾਨਾ ਸ਼ਰਾਫ ਨੇ ਦੀਵਾ ਜਗਾ ਕੇ ਅਤੇ ਗੁਬਾਰੇ ਛੱਡ ਕੇ ਖੇਡ ਮੇਲੇ ਦਾ ਉਦਘਾਟਨ ਕੀਤਾ | ਮੁਕੰਦ ਪਰਿਵਾਰ ਦੀ ਛੇਵੀਂ ਪੀੜ੍ਹੀ ਦੇ ਮੈਂਬਰ ਮਾ. ਵਿਆਨ ਨੇ ਸੇਠ ਅਸ਼ੋਕ ਕੁਮਾਰ ਦੇ ਜਨਮ ਦਿਨ ਦੇ ਮੌਕੇ 'ਤੇ ਭਾਸ਼ਣ ਦਿੱਤਾ ਅਤੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਬੀ. ਕਾਮ. ਦੀ ਵਿਦਿਆਰਥਣ ਤੇ ਬੈਡਮਿੰਟਨ ਖਿਡਾਰੀ ਜੋਤੀ ਨੇ ਆਡੀਟੋਰੀਅਮ 'ਚ ਮੌਜੂਦ ਸਾਰੇ ਮੈਂਬਰਾਂ ਨੂੰ ਸਹੁੰ ਚੁਕਾਈ | ਇਸ ਮੌਕੇ ਡਾ. ਸ਼ਰਾਫ ਨੇ ਸੇਠ ਅਸ਼ੋਕ ਕੁਮਾਰ ਦੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਕਾਮਨਾ ਕੀਤੀ ਕਿ ਮੁਕੰਦ ਸੰਸਥਾਨ ਦਾ ਬੋਹੜ ਬਹੁਤ ਉਚਾਈਆਂ ਤੱਕ ਪਹੁੰਚੇ | ਪ੍ਰੋਗਰਾਮ ਦੀ ਸ਼ੁਰੂਆਤ 'ਚ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮਾਤਰੂ ਵੰਦਨਾ, ਰਾਜਸਥਾਨੀ ਨਾਚ, ਹਰਿਆਣਵੀ ਨਾਚ ਤੇ ਭੰਗੜੇ ਦੇ ਮਨਮੋਹਕ ਪ੍ਰਦਰਸ਼ਨ ਕੀਤੇ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਅਨਿਲ ਧਵਨ ਨੇ ਕਾਲਜ ਦੀਆਂ ਅਕਾਦਮਿਕ, ਸੱਭਿਆਚਾਰਕ ਤੇ ਖੇਡ ਪ੍ਰਾਪਤੀਆਂ ਬਾਰੇ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਖੇਡਾਂ ਤੋਂ ਇਲਾਵਾ ਕਾਲਜ ਨੇ ਸਿੱਖਿਆ ਦੇ ਖੇਤਰ 'ਚ ਵੀ ਮਹੱਤਵਪੂਰਨ ਸਥਾਨ ਪ੍ਰਾਪਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਐਨ. ਸੀ. ਸੀ. ਕੈਡੇਟ ਪ੍ਰਾਂਜਲ ਸ਼ਰਮਾ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਨੇਪਾਲ 'ਚ ਭਾਰਤ ਦੀ ਨੁਮਾਇੰਦਗੀ ਕਰੇਗੀ | ਖੇਡ ਮੇਲੇ ਦੌਰਾਨ ਭਾਰੀ ਮੀਂਹ ਦੇ ਬਾਵਜੂਦ ਸੈਂਕੜੇ ਖਿਡਾਰੀਆਂ ਨੇ ਯੋਗਾ, ਕੁਸ਼ਤੀ ਤੇ ਭਾਰ ਚੁੱਕਣ ਦੇ ਮੁਕਾਬਲਿਆਂ 'ਚ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਪ੍ਰਵੀਨ ਖੁਰਾਨਾ, ਡਾ. ਭਾਵਨਾ ਸੇਠੀ, ਡਾ. ਅਮਨਦੀਪ ਬੱਤਰਾ ਤੇ ਵੰਸ਼ਿਕਾ ਨੇ ਕੀਤਾ | ਇਸ ਮੌਕੇ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੇ ਦੂਜੇ ਦਿਨ ਦੀ ਸ਼ੁਰੂਆਤ ਸਵੇਰ ਦੇ ਯੋਗਾ ਤੇ ਐਨ. ਐਸ. ਐਸ. ਗੀਤਾਂ ਨਾਲ ਹੋਈ | ਖੇਡ ਮੇਲੇ ਦੌਰਾਨ ਜਨਰਲ ਸਕੱਤਰ ਡਾ. ਰਮੇਸ਼ ਕੁਮਾਰ, ਭਰਤ ਅਗਰਵਾਲ, ਅਸ਼ਵਨੀ ਅਗਰਵਾਲ, ਸ਼ਿਵਾਨੀ, ਭਾਵਨਾ, ਵਾਣੀ, ਮੁਦਿਤ, ਰਿਚਾ, ਰਿਆਨ, ਡਾ. ਆਰ. ਕੇ. ਗਰਗ, ਡਾ. ਸ਼ੈਲੇਸ਼ ਕਪੂਰ, ਸੀਮਾ, ਸੁਚੇਤਾ ਸਾਗਰ, ਸ਼ਸ਼ੀ ਬਠਲਾ, ਡਾ. ਅਜੈ ਸ਼ਰਮਾ ਅਤੇ ਵੱਖ-ਵੱਖ ਸੰਸਥਾਵਾਂ ਦੇ ਪਿ੍ੰਸੀਪਲ ਸੁਰੇਂਦਰ ਕੌਰ, ਕਰੁਣਾ, ਮੋਨਿਕਾ ਖੁਰਾਨਾ ਅਤੇ ਡਾਇਰੈਕਟਰ ਡਾ. ਵਿਵੇਕ ਸ਼ਰਮਾ, ਪ੍ਰੋਫੈਸਰ, ਸਟਾਫ ਅਤੇ ਪਤਵੰਤੇ ਮੌਜੂਦ ਸਨ |