ਟੋਹਾਣਾ ’ ਚ ਗੰਦਗੀ ਨੂੰ ਲੈ ਕੇ ਲੋਕਾਂ ਦਾ ਗੁੱਸਾ ਭੜਕਿਆ , ਕੀਤਾ ਰੋਸ ਵਿਖਾਵਾ ਮੁੱਖ ਮੰਤਰੀ ਦੇ ਨਾਂਅ ਈ.ਓ. ਨੂੰ ਸੌਂਪਿਆ ਮੰਗ ਪੱਤਰ, ਹੜਤਾਲ ਖ਼ਤਮ ਕਰਵਾ ਕੇ ਜੰਗੀ ਪੱਧਰ ’ਤੇ ਸਫ਼ਾਈ ਕਰਵਾਉਣ ਦੀ ਕੀਤੀ ਮੰਗ
ਟੋਹਾਣਾ, 26 ਅਗਸਤ (ਮਨਜੀਤ ਸਿੰਘ)- ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਟੋਹਾਣਾ ਸ਼ਹਿਰ ਵਿੱਚ ਵਿਗੜੀ ਸਫ਼ਾਈ ਵਿਵਸਥਾ ਅਤੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੱਦੇ ’ਤੇ ਅੱਜ ਸ਼ਹਿਰ ਦੀਆਂ ਕਈ ਸਮਾਜ ਸੇਵੀ ਜਥੇਬੰਦੀਆਂ, ਵਪਾਰੀਆਂ ਅਤੇ ਆਮ ਲੋਕਾਂ ਨੇ ਸਰਕਾਰ ਤੇ ਅਧਿਕਾਰੀਆਂ ਨੂੰ ਹਲੂਣਾ ਦਿੰਦਿਆਂ ਵੱਡਾ ਰੋਸ ਵਿਖਾਵਾ ਕੀਤਾ।
ਟੋਹਾਣਾ, 26 ਅਗਸਤ (ਮਨਜੀਤ ਸਿੰਘ)- ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਟੋਹਾਣਾ ਸ਼ਹਿਰ ਵਿੱਚ ਵਿਗੜੀ ਸਫ਼ਾਈ ਵਿਵਸਥਾ ਅਤੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੱਦੇ ’ਤੇ ਅੱਜ ਸ਼ਹਿਰ ਦੀਆਂ ਕਈ ਸਮਾਜ ਸੇਵੀ ਜਥੇਬੰਦੀਆਂ, ਵਪਾਰੀਆਂ ਅਤੇ ਆਮ ਲੋਕਾਂ ਨੇ ਸਰਕਾਰ ਤੇ ਅਧਿਕਾਰੀਆਂ ਨੂੰ ਹਲੂਣਾ ਦਿੰਦਿਆਂ ਵੱਡਾ ਰੋਸ ਵਿਖਾਵਾ ਕੀਤਾ। ਟੋਹਾਣਾ ਦੀ ਲੱਕੜ ਮਾਰਕੀਟ ਵਿਖੇ ਆਰੀਆ ਸਮਾਜ ਮੰਦਰ ਨੇੜੇ ਸਵੇਰੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਇਕੱਠੇ ਹੋਏ। ਇਸ ਮਗਰੋਂ ਸਾਰਿਆਂ ਨੇ ਸਕੂਟਰ, ਮੋਟਰਸਾਇਕਲ ’ਤੇ ਰੋਸ ਰੈਲੀ ਕੱਢੀ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਮਿੰਨੀ ਸਕੱਤਰੇਤ ਪੁੱਜੀ। ਇੱਥੇ ਲੋਕਾਂ ਨੇ ਗੰਦਗੀ ਦੀ ਸਮੱਸਿਆ ਨੂੰ ਲੈ ਕੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਈ.ਓ. ਦੀਪਕ ਕੁਮਾਰ ਨੂੰ ਸੌਂਪਿਆ। ਮੰਗ ਪੱਤਰ ਰਾਹੀਂ ਟੋਹਾਣਾ ਵਾਸੀਆਂ ਨੇ ਮੰਗ ਕੀਤੀ ਕਿ ਸਫ਼ਾਈ ਕਾਮਿਆਂ ਦੀ ਹੜਤਾਲ ਜਲਦ ਖ਼ਤਮ ਕਰਵਾਈ ਜਾਵੇ ਅਤੇ ਸ਼ਹਿਰ ਵਿੱਚ ਜੰਗੀ ਪੱਧਰ ’ਤੇ ਸਫ਼ਾਈ ਕਰਵਾਈ ਜਾਵੇ। ਲੋਕਾਂ ਨੇ ਕਿਹਾ ਕਿ ਭਾਰੀ ਗੰਦਗੀ ਕਾਰਨ ਟੋਹਾਣਾ ਦੇ ਹਾਲਾਤ ਬੇਹੱਦ ਮਾੜੇ ਹੋ ਗਏ ਹਨ ਅਤੇ ਇਸ ਪਾਸੇ ਸਰਕਾਰ ਨੂੰ ਫੌਰੀ ਧਿਆਨ ਦੇਣ ਦੀ ਲੋੜ ਹੈ। ਰੋਸ ਵਿਖਾਵੇ ਦੀ ਅਗਵਾਈ ਕਰ ਰਹੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਰਾਜਿੰਦਰ ਠਕਰਾਲ ਨੇ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਸਫ਼ਾਈ ਕਾਮੇ ਹੜਤਾਲ ’ਤੇ ਹਨ। ਇਸ ਕਾਰਨ ਟੋਹਾਣਾ ਦੇ ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਭਾਵੇਂ ਨਗਰ ਪਰਿਸ਼ਦ ਵੱਲੋਂ ਗੰਦਗੀ ਚੁਕਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਇਹ ਯਤਨ ਕਾਫ਼ੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦ ਕੋਈ ਰਾਹ ਕੱਢ ਕੇ ਸਫ਼ਾਈ ਕਾਮਿਆਂ ਦੀ ਹੜਤਾਲ ਖ਼ਤਮ ਕਰਵਾਉਣੀ ਚਾਹੀਦੀ ਹੈ। ਗੰਦਗੀ ਕਾਰਨ ਆਮ ਲੋਕਾਂ ਦੇ ਨਾਲ-ਨਾਲ ਵਪਾਰੀਆਂ ਅਤੇ ਦੁਕਾਨਦਾਰਾਂ ਵਿੱਚ ਵੀ ਗੁੱਸਾ ਵਧ ਰਿਹਾ ਹੈ। ਬਾਜ਼ਾਰਾਂ ਅਤੇ ਦੁਕਾਨਾਂ ਦੇ ਬਾਹਰ ਗੰਦਗੀ ਲਗਾਤਾਰ ਵਧਦੀ ਜਾ ਰਹੀ ਹੈ। ਗਰਮੀ, ਹੁੰਮਸ ਅਤੇ ਮੀਂਹ ਦੇ ਮੌਸਮ ਵਿੱਚ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਰਾਜਿੰਦਰ ਠਕਰਾਲ ਨੇ ਕਿਹਾ ਕਿ ਸਵੇਰੇ-ਸ਼ਾਮ ਮੱਛਰਾਂ ਤੇ ਮੱਖੀਆਂ ਦੀ ਭਰਮਾਰ ਰਹਿੰਦੀ ਹੈ ਅਤੇ ਬੇਸਹਾਰਾ ਪਸ਼ੂ ਵੀ ਗੰਦਗੀ ਦੇ ਢੇਰਾਂ ਵਿੱਚ ਘੁੰਮਦੇ ਰਹਿੰਦੇ ਹਨ। ਸ਼ਹਿਰ ਦੇ ਅਜਿ ਹੇ ਹਾਲਾਤ ਲੋਕਾਂ ਲਈ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਛੇਤੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਲੋਕ ਸੜਕਾਂ ’ਤੇ ਉਤਰ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਰਮੇਸ਼ ਗੋਇਲ, ਜੋਨੀ ਮਹਿਤਾ, ਸਚਿਨ ਭਾਟੀਆ, ਉਦੈ ਰਾਜ ਖਾਰਾ, ਮੂਲ ਚੰਦ ਬੱਤਰਾ, ਪਵਨ ਗਿਰਧਰ, ਧਰਮਵੀਰ ਗ੍ਰੈਜੂਏਟ, ਰਾਜੂ ਠਕਰਾਲ, ਰਾਮ ਕੁਮਾਰ ਸੈਣੀ, ਬੁਲਾਰੇ ਪਵਨ ਵਧਵਾ, ਰਾਜਿੰਦਰ ਬੱਲੀ, ਕੇ.ਐਲ. ਅਰੋੜਾ, ਦਿਨੇਸ਼ਵਰ ਖੁਰਾਣਾ, ਕਿੱਟੂ ਪਾਹਵਾ, ਸੁਰੇਸ਼ ਸੇਠੀ, ਓਮ ਪ੍ਰਕਾਸ਼ ਖੁਰਾਣਾ, ਅਸ਼ੋਕ ਭਾਟੀਆ, ਰਮੇਸ਼ ਮਹਿਤਾ, ਰਾਜਾ ਕਾਮਰਾ, ਬਲਬੀਰ ਸ਼ਰਮਾ, ਸੰਜੇ ਮਹਿਤਾ, ਸੰਜੇ ਸਪੜਾ, ਗੋਬਿੰਦ ਭੂਟਾਨੀ, ਵਿੱਕੀ ਠਕਰਾਲ, ਅੰਕਿਤ ਮਹਿਤਾ, ਗੌਰਵ ਮਹਿਤਾ, ਸੁਭਾਸ਼ ਗੋਇਲ, ਰਵੀ ਠਕਰਾਲ, ਓਂਕਾਰ ਗਰਗ, ਪ੍ਰੇਮ ਛਾਬੜਾ, ਦਯਾਨੰਦ ਧਵਨ, ਰਾਜੇਸ਼ ਵਰਮਾ, ਮੋਹਨ ਮਹਿਤਾ, ਧਰਮਪਾਲ ਮਹਿਤਾ ਅਤੇ ਕ੍ਰਿਸ਼ਨ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।