ਨਵੀਂ ਦਿੱਲੀ, 27 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਪੁਲਿਸ ਨੇ ਆਖ਼ਰਕਾਰ ਇਕ ਖਤਰਨਾਕ ਅਪਰਾਧੀ ਨੂੰ ਗਿ੍ਫ਼ਤਾਰ ਕਰ ਲਿਆ, ਜੋ ਪਿਛਲੇ ਦੋ ਸਾਲਾਂ ਤੋਂ ਫਰਾਰ ਸੀ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਵਿੰਦਰ ਦੇਸਵਾਲ ਉਰਫ ਛੋਟਾ, ਭਾਂਜਾ ਅਤੇ ਬੋਰੀ ਨੂੰ 24 ਜਨਵਰੀ ਨੂੰ ਦਵਾਰਕਾ ਐਕਸਪ੍ਰੈਸ-ਵੇ ਦੇ ਟੋਲ ਪਲਾਜ਼ਾ ਦੇ ਨੇੜੇ ਗਿ੍ਫ਼ਤਾਰ ਕੀਤਾ ਗਿਆ ਹੈ | ਰਵਿੰਦਰ ਰੋਹਤਕ ਦਾ ਰਹਿਣ ਵਾਲਾ ਹੈ | ਉਹ ਪਿਛਲੇ ਦੋ ਸਾਲਾਂ ਤੋਂ ਪੁਲਿਸ ਹਿਰਾਸਤ ਤੋਂ ਬਚ ਰਿਹਾ ਸੀ | ਇਸ ਸਮੇਂ ਦੌਰਾਨ ਉਹ ਅਕਸਰ ਸਥਾਨ ਬਦਲਦਾ ਰਿਹਾ, ਟੋਲ ਪਲਾਜ਼ੇ 'ਤੇ ਕੰਮ ਕਰਦਾ ਰਿਹਾ ਅਤੇ ਪਤਾ ਲੱਗਣ ਤੋਂ ਬਚਣ ਲਈ ਆਪਣੇ ਜਾਣ-ਪਛਾਣ ਵਾਲਿਆਂ ਦੇ ਨਾਂਅ 'ਤੇ ਮੋਬਾਈਲ ਫੋਨ ਦੀ ਵਰਤੋਂ ਕਰਦਾ ਰਿਹਾ ਸੀ | ਇਹ ਕਾਰਵਾਈ ਆਪ੍ਰੇਸ਼ਨ ਕਵਚ ਦੇ ਤਹਿਤ ਕੀਤੀ ਗਈ, ਜਿਸਦਾ ਉਦੇਸ਼ ਫਰਾਰ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗਿ੍ਫ਼ਤਾਰ ਕਰਨਾ ਹੈ | ਪੁਲਿਸ ਨੇ ਲਗਭਗ ਚਾਰ ਹਫ਼ਤਿਆਂ ਤੱਕ ਵਿਆਪਕ ਜਾਂਚ ਦੌਰਾਨ ਗੁਰੂਗ੍ਰਾਮ, ਸੋਨੀਪਤ ਅਤੇ ਰੋਹਤਕ ਵਿਚ ਲਗਭਗ 25 ਥਾਵਾਂ ਦੀ ਤਲਾਸ਼ੀ ਲਈ | ਤਕਨੀਕੀ ਨਿਗਰਾਨੀ ਦੇ ਰਾਹੀਂ 24 ਜਨਵਰੀ ਨੂੰ ਉਸ ਦੀਆਂ ਗਤੀਵਿਧੀਆਂ ਦਾ ਪਤਾ ਲੱਗਿਆ | ਜਦੋਂ ਪੁਲਿਸ ਟੀਮ ਨੇ ਉਸ ਨੂੰ ਘੇਰਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਥੋੜ੍ਹੀ ਦੂਰੀ 'ਤੇ ਹੀ ਉਸ ਨੂੰ ਫੜ ਲਿਆ ਗਿਆ | ਪੁਲਿਸ ਦੇ ਰਿਕਾਰਡ ਅਨੁਸਾਰ ਰਵਿੰਦਰ ਵਿਰੁੱਧ ਦਿੱਲੀ ਅਤੇ ਹਰਿਆਣਾ ਵਿਚ ਕੁੱਲ 20 ਅਪਰਾਧਿਕ ਮਾਮਲੇ ਦਰਜ ਹਨ | ਇਨ੍ਹਾਂ ਵਿਚ ਹੱਤਿਆ, ਹੱਤਿਆ ਕਰਨ ਦੀ ਕੋਸ਼ਿਸ਼, ਡਕੈਤੀ, ਅਗਵਾ ਅਤੇ ਅਸਲ੍ਹਾ ਐਕਟ ਸਮੇਤ ਗੰਭੀਰ ਦੋਸ਼ ਸ਼ਾਮਿਲ ਹਨ | ਇਹ ਮਾਮਲੇ ਦਿੱਲੀ ਤੋਂ ਇਲਾਵਾ ਹਰਿਆਣਾ ਦੇ ਸੋਨੀਪਤ, ਪਾਨੀਪਤ, ਰੋਹਤਕ ਅਤੇ ਕੁਰੂਕਸ਼ੇਤਰ ਜ਼ਿਲਿ੍ਹਆਂ ਵਿਚ ਦਰਜ ਹਨ | 2018 ਵਿਚ ਹਰਿਆਣਾ ਪੁਲਿਸ ਨੇ ਉਸ ਨੂੰ 32 ਲੱਖ ਰੁਪਏ ਦੀ ਡਕੈਤੀ ਦੇ ਇਕ ਮਾਮਲੇ ਵਿਚ ਹੋਰ ਸਾਥੀਆਂ ਸਮੇਤ ਗਿ੍ਫ਼ਤਾਰ ਕੀਤਾ ਸੀ | ਦੋ ਸਾਲ ਪਹਿਲਾਂ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ |