ਰਾਜਧਾਨੀ ਦਿੱਲੀ ਵਿਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਜੋੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਅਜੀਤ ਡੈਸਕ
01-02-2026
ਸੁਸਾਈਡ ਨੋਟ ਵਿਚ ਬੱਚਿਆਂ ਦੇ ਕਾਮਯਾਬ ਨਾ ਹੋਣ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਦੀ ਗੱਲ ਲਿਖੀ ਹੈ | ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਵੇਂ ਡਿਪ੍ਰੈਸ਼ਨ ਵਿਚ ਸਨ | ਉੱਤਰ ਪੂਰਬੀ ਜ਼ਿਲ੍ਹਾ ਪੁਲਿਸ ਡਿਪਟੀ ਕਮਿਸ਼ਨਰ ਆਸ਼ੀਸ਼ ਮਿਸ਼ਰਾ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ 12.05 ਵਜੇ ਜੋਤੀ ਨਗਰ ਥਾਣਾ ਪੁਲਿਸ ਨੂੰ ਵੈਸਟ ਜੋਤੀ ਨਗਰ ਦੇ ਇਕ ਫਲੈਟ ਵਿਚ ਇਕ ਜੋੜੇ ਦੀ ਖ਼ੁਦਕੁਸ਼ੀ ਦੀ ਸੂਚਨਾ ਮਿਲੀ ਸੀ | ਸੂਚਨਾ ਮਿਲਦੇ ਹੀ ਪੁਲਿਸ ਜੋਤੀ ਨਗਰ ਪਹੁੰਚੀ | ਪੁਲਿਸ ਨੇ ਦੇਖਿਆ ਕਿ ਇਕ ਕਮਰੇ ਵਿਚ ਅਜੇ ਕੁਮਾਰ ਫੰਦੇ ਨਾਲ ਲਟਕਿਆ ਹੋਇਆ ਸੀ ਅਤੇ ਰੀਤਾ ਦੂਜੇ ਕਮਰੇ ਵਿਚ ਚੁੰਨੀ ਦੀ ਮਦਦ ਨਾਲ ਲਟਕ ਰਹੀ ਸੀ | ਜਾਂਚ ਤੋਂ ਪਤਾ ਲੱਗਾ ਕਿ ਅਜੇ ਆਪਣੀ ਪਤਨੀ ਅਤੇ ਦੋ ਪੁੱਤਰਾਂ 29 ਸਾਲ ਦੇ ਭਾਸਕਰ ਅਤੇ 25 ਸਾਲ ਦੇ ਸ਼ਰਦ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ | ਉਹ ਸੋਨੀਆ ਵਿਹਾਰ ਵਿਖੇ ਮੈਡੀਕਲ ਸਟੋਰ ਚਲਾਉਂਦਾ ਸੀ | ਭਾਸਕਰ ਪਹਿਲਾਂ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਸੀ ਪਰ ਪਿਛਲੇ ਕਾਫੀ ਸਮੇਂ ਤੋਂ ਨੌਕਰੀ ਛੱਡ ਦਿੱਤੀ ਸੀ | ਉਹ ਆਪਣੇ ਪਿਤਾ ਦੇ ਨਾਲ ਮੈਡੀਕਲ ਸਟੋਰ 'ਤੇ ਹੀ ਬੈਠਦਾ ਸੀ | ਸ਼ਰਦ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਹੈ |
ਪੁਲਿਸ ਸੂਤਰਾਂ ਅਨੁਸਾਰ ਖ਼ੁਦਕੁਸ਼ੀ ਵਿਚ ਆਪਣੀ ਮੌਤ ਲਈ ਦੋਵਾਂ ਨੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਹੈ | ਆਪਣੇ ਲਈ ਲਏ ਗਏ ਕਰਜ਼ੇ ਅਤੇ ਲਗਾਤਾਰ ਵਿੱਤੀ ਅਸਥਿਰਤਾ ਨਾਲ ਨਜਿੱਠਣ ਵਿਚ ਆਪਣੀ ਅਸਮਰੱਥਾ ਦਾ ਵੀ ਜ਼ਿਕਰ ਕੀਤਾ ਹੈ | ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਸ ਦੇ ਖ਼ੁਦਕੁਸ਼ੀ ਦੀ ਜਾਂਚ ਕੀਤੀ ਜਾ ਰਹੀ ਹੈ | ਜਾਂਚ ਤੋਂ ਪਤਾ ਲੱਗਾ ਕਿ ਅਜੇ ਪਹਿਲਾਂ ਇਕ ਛੋਟੀ ਜਿਹੀ ਫੈਕਟਰੀ ਚਲਾਉਂਦਾ ਸੀ, ਜੋ ਬੰਦ ਹੋ ਗਈ | ਉਹ ਆਰਥਿਕ ਸੰਕਟ ਵਿਚ ਹੋਣ ਕਰ ਕੇ ਜੋਤੀ ਨਗਰ ਦਾ ਮਕਾਨ ਵੇਚ ਕੇ ਸੱਤ-ਅੱਠ ਮਹੀਨੇ ਪਹਿਲਾਂ ਕਿਰਾਏ ਦੇ ਮਕਾਨ ਵਿਚ ਰਹਿਣ ਲੱਗੇ ਸਨ | ਉਸ ਨੇ ਭਜਨਪੁਰਾ ਅਤੇ ਸੋਨੀਆ ਵਿਹਾਰ ਵਿਚ ਮੈਡੀਕਲ ਸਟੋਰ ਖੋਲਿ੍ਹਆ, ਇਸ ਲਈ ਕਰਜ਼ਾ ਲਿਆ | ਸੂਤਰਾਂ ਅਨੁਸਾਰ ਉਸ 'ਤੇ ਇਕ ਕਰੋੜ ਤੋਂ ਜ਼ਿਆਦਾ ਕਰਜ਼ਾ ਸੀ | ਪੁਲਿਸ ਨੂੰ ਸ਼ੱਕ ਹੈ ਕਿ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਹੋ ਕੇ ਉਹ ਨਿਰਾਸ਼ ਹੋ ਗਿਆ ਸੀ ਅਤੇ ਖ਼ੁਦਕੁਸ਼ੀ ਵਰਗਾ ਕਦਮ ਉਠਾ ਲਿਆ | ਪੁਲਿਸ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ |
ਭਾਸਕਰ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ 11 ਵਜੇ ਦੇ ਕਰੀਬ ਘਰ ਆਇਆ ਤਾਂ ਮਾਂ ਪਿਉ ਤੋਂ ਰਾਤ ਦਾ ਖਾਣਾ ਮੰਗਿਆ | ਮਾਂ ਨੇ ਕਿਹਾ ਕਿ ਉਹ ਰੋਟੀ ਬਣਾ ਰਹੀ ਹੈ, ਤਦ ਤੱਕ ਉਹ ਬਾਜ਼ਾਰ ਤੋਂ ਸਬਜ਼ੀ ਲੈ ਕੇ ਆ ਜਾਵੇ | ਭਾਸਕਰ ਰਾਤ 11.45 ਵਜੇ ਦੇ ਕਰੀਬ ਬਾਜ਼ਾਰ ਤੋਂ ਸਬਜ਼ੀ ਲੈ ਕੇ ਆਇਆ | ਉਸ ਨੇ ਫਲੈਟ ਦੀ ਘੰਟੀ ਵਜਾਈ ਪਰ ਦਰਵਾਜ਼ਾ ਨਹੀਂ ਖੁੱਲਿ੍ਹਆ | ਕਾਫੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ 'ਤੇ ਉਸ ਨੇ ਤੀਜੀ ਮੰਜ਼ਿਲ 'ਤੇ ਦਰਵਾਜ਼ੇ ਦੀ ਘੰਟੀ ਵਜਾਈ | ਗੁਆਂਢੀ ਨੇ ਦਰਵਾਜ਼ਾ ਖੋਲਿ੍ਹਆ ਤਾਂ ਉਹ ਚੌਥੀ ਮੰਜ਼ਿਲ 'ਤੇ ਗਿਆ | ਅੰਦਰ ਦਾ ਦਿ੍ਸ਼ ਦੇਖ ਕੇ ਉਹ ਹੈਰਾਨ ਰਹਿ ਗਿਆ | ਬਾਹਰਲੇ ਕਮਰੇ ਵਿਚ ਪਿਤਾ ਦੀ ਲਾਸ਼ ਫੰਦੇ ਨਾਲ ਲਟਕ ਰਹੀ ਸੀ, ਜਦੋਂਕਿ ਦੂਜੇ ਕਮਰੇ ਵਿਚ ਉਸ ਦੀ ਮਾਂ ਨੇ ਚੁੰਨੀ ਨਾਲ ਆਪਣੇ-ਆਪ ਨੂੰ ਲਟਕਾਇਆ ਹੋਇਆ ਸੀ | ਉਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ | ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਹੇਠਾਂ ਉਤਾਰ ਕੇ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜੋੜੇ ਨੂੰ ਮਿ੍ਤਕ ਐਲਾਨ ਦਿੱਤਾ |