ਕਾਲਾਂਵਾਲੀ/ਸਿਰਸਾ, 31 ਜਨਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਰਾਜਪੁਰਾ ਦੀ ਧੀ ਖੁਸ਼ਪ੍ਰੀਤ ਕੌਰ ਨੇ ਏ. ਸੀ. ਸੀ. ਏ. ਪ੍ਰੀਖਿਆ ਪਾਸ ਕਰਕੇ ਆਪਣੇ ਪਿੰਡ, ਜ਼ਿਲ੍ਹੇ, ਰਾਜ ਤੇ ਮਾਪਿਆਂ ਦਾ ਮਾਣ ਵਧਾਇਆ ਹੈ | ਰਾਜਪੁਰਾ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਖੁਸ਼ਪ੍ਰੀਤ ਕੌਰ ਸੇਖੋਂ ਨੇ ਪਹਿਲੀ ਕੋਸ਼ਿਸ਼ ਵਿਚ ਸਾਰੀਆਂ 13 ਏ. ਸੀ. ਸੀ. ਏ. ਪ੍ਰੀਖਿਆਵਾਂ ਪਾਸ ਕਰਕੇ ਇਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ | ਯੂਕੇ ਅਧਾਰਤ ਇਹ ਲੇਖਾ ਪ੍ਰਮਾਣੀਕਰਣ 180 ਤੋਂ ਵੱਧ ਦੇਸ਼ਾਂ ਵਿਚ ਮਾਨਤਾ ਪ੍ਰਾਪਤ ਹੈ | ਉਨ੍ਹਾਂ ਦੱਸਿਆ ਕਿ ਖੁਸ਼ਪ੍ਰੀਤ ਨੇ ਹੇਠ ਲਿਖੇ ਮੁੱਖ ਵਿਸ਼ਿਆਂ ਵਿਚ ਸਫਲਤਾ ਪ੍ਰਾਪਤ ਕੀਤੀ: ਐਡਵਾਂਸਡ ਪਰਫਾਰਮੈਂਸ ਮੈਨੇਜਮੈਂਟ (ਏਪੀਐਮ), ਸਟਰੈਟੇਜਿਕ ਬਿਜ਼ਨਸ ਰਿਪੋਰਟਿੰਗ (ਐਸਬੀਆਰ), ਐਡਵਾਂਸਡ ਫਾਈਨੈਂਸ਼ੀਅਲ ਮੈਨੇਜਮੈਂਟ (ਏਐਫਐਮ), ਅਤੇ ਸਟਰੈਟੇਜਿਕ ਬਿਜ਼ਨਸ ਲੀਡਰ (ਐਸਬੀਐਲ) | ਖੁਸ਼ਪ੍ਰੀਤ ਨੇ ਸਵੈ-ਅਧਿਐਨ ਦੁਆਰਾ, ਅਧਿਕਾਰਤ ਏਸੀਸੀਏ ਸਰੋਤਾਂ ਅਤੇ ਸ਼ਵੇਸਰ ਕਪਲਾਨ ਕਿਤਾਬਾਂ ਦੀ ਵਰਤੋਂ ਕਰਕੇ ਤਿਆਰੀ ਕੀਤੀ | ਇਹ ਸਫਲਤਾ ਉਸਦੀ ਲਗਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਜੋ ਇਸ ਸਮੇਂ ਬੇਂਗਲੌਰੂ ਵਿਚ ਹੈ, ਦਾ ਪਿੰਡ ਵਿਚ ਵਾਪਸ ਨਿੱਘਾ ਸਵਾਗਤ ਕੀਤਾ ਜਾਵੇਗਾ |