ਕਾਲਾਂਵਾਲੀ/ਸਿਰਸਾ, 3 ਫਰਵਰੀ (ਭੁਪਿੰਦਰ ਪੰਨੀਵਾਲੀਆ)-ਡੱਬਵਾਲੀ ਪੁਲਿਸ ਸੁਪਰਡੈਂਟ ਨਿਕਿਤਾ ਖੱਟਰ ਦੀ ਅਗਵਾਈ ਹੇਠ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਇੱਕਠੀ ਕੀਤੀ ਪਿੰਡ ਜਗਮਾਲਵਾਲੀ ਦੇ ਵਾਸੀ ਚਰਨਜੀਤ ਸਿੰਘ ਚੰਨਾ ਦੀ 64 ਲੱਖ ਰੁਪਏ ਤੋਂ ਵੱਧ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਫਰੀਜ਼ ਕਰਕੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ | ਇਹ ਜਾਣਕਾਰੀ ਦਿੰਦੇ ਹੋਏ ਕਾਲਾਂਵਾਲੀ ਦੇ ਡੀ. ਐਸ. ਪੀ. ਸੰਦੀਪ ਧਨਖੜ ਨੇ ਥਾਣਾ ਕਾਲਾਂਵਾਲੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਦਸੰਬਰ, 2023 ਨੂੰ ਜਗਮਾਲਵਾਲੀ ਦੇ ਰਹਿਣ ਵਾਲੇ ਚਰਨਜੀਤ ਸਿੰਘ ਉਰਫ਼ ਚੰਨਾ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ | ਇਸ ਮਾਮਲੇ ਵਿਚ ਕਾਲਾਂਵਾਲੀ ਦੇ ਸੀ. ਆਈ. ਏ. ਸਟਾਫ਼ ਨੇ ਚਰਨਜੀਤ ਸਿੰਘ ਉਰਫ਼ ਚੰਨਾ ਤੇ ਉਸ ਦੇ ਸਾਥੀ ਗੁਰਜੀਤ ਸਿੰਘ ਵਾਸੀ ਘੁੱਕਿਆਂਵਾਲੀ ਨੂੰ ਪਿੰਡ ਹੱਸੂ ਤੋਂ 402 ਗ੍ਰਾਮ ਹੈਰੋਇਨ ਤੇ ਇਕ ਵਰਨਾ ਕਾਰ ਸਮੇਤ ਗਿ੍ਫ਼ਤਾਰ ਕੀਤਾ ਸੀ | ਮੁਲਜ਼ਮ ਇਸ ਸਮੇਂ ਰਾਜਸਥਾਨ ਦੇ ਰਾਜਗੜ੍ਹ ਵਿਚ ਨਿਆਂਇਕ ਹਿਰਾਸਤ ਵਿਚ ਹੈ | ਉਸ ਵਿਰੁੱਧ ਕੁੱਲ ਅੱਠ ਕੇਸ ਦਰਜ ਕੀਤੇ ਗਏ ਹਨ | ਇਨ੍ਹਾਂ 'ਚੋਂ ਸੱਤ ਕੇਸ ਥਾਣਾ ਕਾਲਾਂਵਾਲੀ ਵਿਚ ਤੇ ਇਕ ਤਾਰਾਨਗਰ, ਜ਼ਿਲ੍ਹਾ ਚੁਰੂ, ਰਾਜਸਥਾਨ ਵਿਚ ਦਰਜ ਹੈ | ਇਨ੍ਹਾਂ 'ਚੋਂ ਛੇ ਕੇਸ ਅਦਾਲਤ ਵਿਚ ਵਿਚਾਰ ਅਧੀਨ ਹਨ | ਉਨ੍ਹਾਂ ਦੱਸਿਆ ਕਿ ਮੁਲਜ਼ਮ ਇਕ ਆਦਤਨ ਨਸ਼ਾ ਤਸਕਰ ਹੈ ਤੇ ਉਪਰੋਕਤ ਅੰਕੜੇ ਅਪਰਾਧ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ | ਡੀ. ਐਸ. ਪੀ. ਸੰਦੀਪ ਧਨਖੜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਥਾਣਾ ਕਾਲਾਂਵਾਲੀ ਤੇ ਡੱਬਵਾਲੀ ਜ਼ਿਲ੍ਹਾ ਪੁਲਿਸ ਦੇ ਪ੍ਰਾਪਰਟੀ ਅਟੈਚਮੈਂਟ ਸੈੱਲ ਵਲੋਂ ਐਨ. ਡੀ. ਪੀ. ਐਸ. ਐਕਟ ਅਧੀਨ ਮੁਲਜ਼ਮ ਦੀ ਆਮਦਨ ਤੇ ਜਾਇਦਾਦ ਦੀ ਪੂਰੀ ਵਿੱਤੀ ਜਾਂਚ ਕੀਤੀ ਗਈ ਸੀ | ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਦੀਆਂ ਜਾਇਦਾਦਾਂ ਉਸ ਦੀ ਜਾਇਜ਼ ਆਮਦਨ ਤੋਂ ਕਈ ਗੁਣਾ ਵੱਧ ਸਨ ਅਤੇ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸਨ | ਇਸ ਤੋਂ ਬਾਅਦ ਥਾਣਾ ਕਾਲਾਂਵਾਲੀ ਨੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 68 (2) ਤਹਿਤ ਗ਼ੈਰ-ਕਾਨੂੰਨੀ ਜਾਇਦਾਦ ਨੂੰ ਜ਼ਬਤ ਕਰਨ ਲਈ ਇਕ ਰਿਪੋਰਟ ਤਿਆਰ ਕੀਤੀ ਅਤੇ ਇਸ ਨੂੰ 7 ਜਨਵਰੀ, 2026 ਨੂੰ ਪੇਸ਼ ਕੀਤਾ ਗਿਆ | ਨਵੀਂ ਦਿੱਲੀ ਵਿਚ ਸਮਰੱਥ ਅਥਾਰਿਟੀ ਨੇ 2 ਫਰਵਰੀ 2026 ਨੂੰ ਫ੍ਰੀਜ਼ਿੰਗ ਆਰਡਰ ਜਾਰੀ ਕੀਤਾ | ਉਨ੍ਹਾਂ ਦੱਸਿਆ ਕਿ ਫਰੀਜ਼ ਕੀਤੀ ਗਈ ਜਾਇਦਾਦ ਵਿਚ ਪਿੰਡ ਜਗਮਾਲਵਾਲੀ ਵਿਚ ਇਕ ਕੰਕਰੀਟ ਦਾ ਘਰ ਤੇ 8 ਕਨਾਲ ਜ਼ਮੀਨ, ਇਕ ਵਰਨਾ ਕਾਰ, ਇਕ ਸਵਰਾਜ ਟਰੈਕਟਰ, ਇਕ ਐਕਟਿਵਾ ਸਕੂਟਰ ਤੇ ਸੋਨੇ ਦੇ ਗਹਿਣੇ ਸ਼ਾਮਿਲ ਹਨ, ਜਿਨ੍ਹਾਂ ਦੀ ਕੀਮਤ ਲਗਪਗ 64 ਲੱਖ ਰੁਪਏ ਹੈ | ਉਕਤ ਜਾਇਦਾਦ ਨੂੰ ਨਵੀਂ ਦਿੱਲੀ ਵਿਚ ਸਮਰੱਥ ਅਥਾਰਟੀ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਨੂੰ ਵੇਚਿਆ ਜਾਂ ਟਰਾਂਸਫਰ ਨਹੀਂ ਕੀਤਾ ਜਾ ਸਕਦਾ |
ਨਸ਼ਾ ਤਸਕਰ ਚਰਨਜੀਤ ਸਿੰਘ ਉਰਫ਼ ਚੰਨਾ ਦੀ 64 ਲੱਖ ਰੁਪਏ ਦੀ ਨਾਜਾਇਜ਼ ਜਾਇਦਾਦ ਫਰੀਜ਼ <br/>
ਅਜੀਤ ਡੈਸਕ
04-02-2026