ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਸਿੱਖ ਧਰਮ ਦੀ ਮਾਣ-ਮਰਿਆਦਾ ਦੇ ਖ਼ਿਲਾਫ਼ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਰਾਹੀਂ ਬਣ ਰਹੀਆਂ ਵੀਡੀਓ ਤੇ ਹੋਰ ਸਮਗਰੀ ਨੂੰ ਠੱਲ੍ਹ ਪਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਏ. ਆਈ. ਤਕਨੀਕ ਦੇ ਮਾਹਿਰਾਂ ਦੀ ਸਬ-ਕਮੇਟੀ ਕੀਤੀ ਗਠਿਤ ਕੀਤੀ ਗਈ ਹੈ | ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਲਈ ਤਿੰਨ ਸੂਬਿਆਂ ਦੇ ਆਨਰੇਰੀ ਇੰਚਾਰਜ ਰਾਮ ਸਿੰਘ 'ਬੰਬੇ' ਵਲੋਂ ਉਕਤ ਫ਼ੈਸਲੇ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸ਼ਲਾਘਾ ਕੀਤੀ ਗਈ ਹੈ | ਰਾਮ ਸਿੰਘ ਬੰਬੇ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਵੇਖਣ 'ਚ ਆ ਰਿਹਾ ਸੀ ਕਿ ਏ. ਆਈ. ਤਕਨੀਕ ਰਾਹੀਂ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਵੀਡੀਓ ਅਤੇ ਹੋਰ ਸਮਗਰੀ ਸੋਸ਼ਲ ਮੀਡੀਆ 'ਤੇ ਲਗਾਤਾਰ ਵਧ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸੇ ਤਕਨੀਕ ਰਾਹੀਂ ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਬਾਰੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ, ਜਿਸ ਦਾ ਸਿੱਖ ਭਾਈਚਾਰੇ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ | ਰਾਮ ਸਿੰਘ ਬੰਬੇ ਨੇ ਕਿਹਾ ਕਿ ਐਡਵੋਕੇਟ ਧਾਮੀ ਦੀ ਅਗਵਾਈ 'ਚ ਅਜਿਹੇ ਮਾਹਰਾਂ ਦੀ ਸਬ-ਕਮੇਟੀ ਗਠਿਤ ਕੀਤੀ ਗਈ ਹੈ ਤੇ ਇਸ 'ਚ ਸ਼ਾਮਿਲ ਮਾਹਿਰ ਏ. ਆਈ. ਇੰਟਰਨੈੱਟ ਖੇਤਰ ਤੇ ਕਾਨੂੰਨ ਵਿਚ ਖ਼ਾਸਾ ਤਜਰਬਾ ਰੱਖਦੇ ਹਨ | ਉਨ੍ਹਾਂ ਉਮੀਦ ਜਤਾਈ ਕਿ ਕਮੇਟੀ ਦੇ ਕਾਰਜਾਂ ਨਾਲ, ਸਿੱਖ ਧਰਮ ਦੀ ਮਾਣ-ਮਰਿਆਦਾ ਦੇ ਖ਼ਿਲਾਫ਼ ਬਣ ਰਹੀਆਂ ਵੀਡੀਓ ਤੇ ਹੋਰ ਸਮਗਰੀ 'ਤੇ ਰੋਕ ਲਗਾਉਣ 'ਚ ਕਾਫ਼ੀ ਮਦਦ ਮਿਲੇਗੀ | ਰਾਮ ਸਿੰਘ ਬੰਬੇ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਲੰਮੇ ਸਮੇਂ ਤੋਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ ਤੇ ਸਿੱਖਾਂ ਨਾਲ ਜੁੜੇ ਹਰ ਮਸਲੇ ਪ੍ਰਤੀ ਉਹ ਪੂਰੀ ਗੰਭੀਰਤਾ ਵਿਖਾਉਂਦੇ ਹਨ |