ਨਵੀਂ ਦਿੱਲੀ, 3 ਫਰਵਰੀ (ਮਿਸਰਦੀਪ ਭਾਟੀਆ)-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ 5 ਪੀਐਚ.ਡੀ. ਵਿਦਿਆਰਥੀਆਂ ਨੂੰ ਦੋ ਸਮੈਸਟਰਾਂ ਲਈ ਮੁਅੱਤਲ ਕਰ ਦਿੱਤਾ ਹੈ | ਜਿਨ੍ਹਾਂ ਵਿਚ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ 4 ਅਹੁਦੇਦਾਰ ਵੀ ਸ਼ਾਮਿਲ ਹਨ | ਇਨ੍ਹਾਂ ਵਿਦਿਆਰਥੀਆਂ ਨੂੰ 21 ਨਵੰਬਰ 2025 ਨੂੰ ਡਾ. ਬੀ.ਆਰ. ਅੰਬੇਡਕਰ ਸੈਂਟਰਲ ਲਾਇਬ੍ਰੇਰੀ ਦੇ ਪ੍ਰਵੇਸ਼ ਦੁਆਰ 'ਤੇ ਲਗਾਏ ਗਏ ਫੇਸ਼ੀਅਲ ਰਿਕੋਗਨੀਸ਼ਨ ਟੈਕਨਾਲੋਜੀ ਡਿਵਾਈਸ ਦੀ ਭੰਨਤੋੜ ਕਰਨ ਦੇ ਦੋਸ਼ੀ ਪਾਇਆ ਗਿਆ ਸੀ | ਮੁਅੱਤਲੀ ਪੱਤਰ ਅਨੁਸਾਰ ਕਿਝਾਕੁਟ ਗੋਪਿਕਾ ਬਾਬੂ, ਅਦਿਤੀ ਮਿਸ਼ਰਾ, ਸੁਨੀਲ ਯਾਦਵ, ਦਾਨਿਸ਼ ਅਲੀ ਅਤੇ ਨਿਤਿਸ਼ ਕੁਮਾਰ 'ਤੇ ਤੁਰੰਤ ਪ੍ਰਭਾਵ ਨਾਲ ਪੂਰੇ ਕੈਂਪਸ ਵਿਚ ਪਾਬੰਦੀ ਲਗਾਈ ਗਈ ਹੈ ਅਤੇ ਉਨ੍ਹਾਂ 'ਤੇ 20,000-20,000 ਦਾ ਜੁਰਮਾਨਾ ਵੀ ਲਗਾਇਆ ਗਿਆ ਹੈ | ਸੰਪਰਕ ਕਰਨ 'ਤੇ ਜੇ.ਐਨ.ਯੂ. ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਮੁਅੱਤਲੀ ਪੱਤਰ ਜਾਰੀ ਕੀਤੇ ਗਏ ਹਨ |