ਕਾਲਾਂਵਾਲੀ/ਸਿਰਸਾ, 6 ਫਰਵਰੀ (ਭੁਪਿੰਦਰ ਪੰਨੀਵਾਲੀਆ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਰਮੇਸ਼ ਗਰੋਵਰ ਐਡਵੋਕੇਟ ਨੇ ਸ਼ਹੀਦ ਭਗਤ ਸਿੰਘ ਆਈ. ਟੀ. ਓ. ਟੀ. (ਸੀ. ਆਈ. ਟੀ. ਐਸ.) ਦਾ ਦੌਰਾ ਕੀਤਾ | ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਕਾਨੂੰਨ, ਅਧਿਕਾਰਾਂ, ਕਰਤੱਵਾਂ ਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ | ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਕਾਨੂੰਨੀ ਜਾਗਰੂਕਤਾ ਵਧਾਉਣਾ ਤੇ ਉਨ੍ਹਾਂ ਨੂੰ ਸਹੀ ਦਿਸ਼ਾ ਵਿਚ ਮਾਰਗਦਰਸ਼ਨ ਕਰਨਾ ਸੀ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਅਸ਼ੋਕ ਸਿੰਗਲਾ ਨੇ ਕੀਤੀ | ਇਸ ਵਿਸ਼ੇਸ਼ ਮੌਕੇ 'ਤੇ ਸਮਾਜ ਸੇਵਕ ਅਰਸ਼ ਸੱਚਰ (ਫਰੀਦਕੋਟ) ਤੇ ਸਮਾਜ ਸੇਵਕ ਅਨੁਜ ਸ਼ਰਮਾ (ਮੋਗਾ) ਮੌਜੂਦ ਸਨ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਮੇਸ਼ ਗਰੋਵਰ ਐਡਵੋਕੇਟ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਾਨੂੰਨ ਦਾ ਗਿਆਨ ਸਿਰਫ਼ ਵਕੀਲਾਂ ਲਈ ਹੀ ਨਹੀਂ ਸਗੋਂ ਹਰ ਨਾਗਰਿਕ ਲਈ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ, ਕਰਤੱਵਾਂ, ਸਾਈਬਰ ਅਪਰਾਧ, ਅÏਰਤਾਂ ਦੀ ਸੁਰੱਖਿਆ, ਨਸ਼ਾ ਵਿਰੋਧੀ ਵਿਹਾਰ, ਅਨੁਸ਼ਾਸਨ ਤੇ ਨੈਤਿਕ ਕਦਰਾਂ-ਕੀਮਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ 'ਤੇ ਸਵੈ-ਨਿਰਭਰ ਬਣਨ, ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ, ਕਿਸੇ ਵੀ ਪ੍ਰਤੀਕੂਲ ਸਥਿਤੀ ਵਿਚ ਚੁੱਪ ਨਾ ਰਹਿਣ ਅਤੇ ਕਾਨੂੰਨੀ ਸਹਾਇਤਾ ਲੈਣ ਦੀ ਸਲਾਹ ਦਿੱਤੀ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਅਨੁਸ਼ਾਸਨ, ਜ਼ਿੰਮੇਵਾਰੀ ਦਾ ਅਭਿਆਸ ਕਰਨ, ਕਾਨੂੰਨ ਦਾ ਸਤਿਕਾਰ ਕਰਨ ਤੇ ਸਮਾਜ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਵੀ ਉਤਸ਼ਾਹਿਤ ਕੀਤਾ | ਸੰਸਥਾ ਦਾ ਦੌਰਾ ਕਰਨ ਤੋਂ ਇਲਾਵਾ ਉਨ੍ਹਾਂ ਨੇ ਮੰਡੀ ਕਾਲਾਂਵਾਲੀ ਦੇ ਸਾਰੇ ਵਕੀਲਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਬਾਰ ਕੌਂਸਲ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਡਾ. ਨਰੇਸ਼ ਸਿੰਗਲਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਅਜਿਹੇ ਮਾਰਗਦਰਸ਼ਨ ਪ੍ਰੋਗਰਾਮ ਵਿਦਿਆਰਥੀਆਂ ਦੇ ਸ਼ਖ਼ਸੀਅਤ ਵਿਕਾਸ ਤੇ ਸੁਰੱਖਿਅਤ ਭਵਿੱਖ ਲਈ ਜ਼ਰੂਰੀ ਹਨ | ਸੰਸਥਾ ਦੇ ਪਿ੍ੰਸੀਪਲ ਇੰਜੀਨੀਅਰ ਰਵਿੰਦਰ ਕੁਮਾਰ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਕਾਨੂੰਨੀ ਤੇ ਸਮਾਜਿਕ ਜਾਗਰੂਕਤਾ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਂਦੀ ਹੈ | ਵਿਦਿਆਰਥਣਾਂ ਨੇ ਪ੍ਰੋਗਰਾਮ ਨੂੰ ਬਹੁਤ ਜਾਣਕਾਰੀ ਭਰਪੂਰ, ਪ੍ਰੇਰਨਾਦਾਇਕ ਤੇ ਉਪਯੋਗੀ ਦੱਸਿਆ | ਸੁਪਰਡੈਂਟ ਨਵਦੀਪ ਸਿੰਘ, ਇੰਸਟਰਕਟਰ ਰਾਕੇਸ਼ ਸਰੋਹਾ, ਚੰਦਰਸ਼ੇਖਰ, ਸੁਨੀਲ ਬੇਨੀਵਾਲ, ਨਰਸੀ, ਮਨੋਜ, ਜਸਬੀਰ, ਮਨੀਸ਼, ਸੰਗੀਤਾ, ਨੇਹਾ, ਆਰਤੀ ਸ਼ਰਮਾ, ਮੀਨਾ, ਸਰਬਜੀਤ ਕੌਰ, ਪੁਸ਼ਪਾ, ਅੰਕਿਤਾ ਤੇ ਕੰਚਨ ਸਮੇਤ ਸਾਰੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ | ਪ੍ਰੋਗਰਾਮ ਦੇ ਅੰਤ ਵਿਚ ਸੰਸਥਾ ਪ੍ਰਬੰਧਨ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ |