ਗੁਰੂ ਰਵਿਦਾਸ ਜੀ ਦੇ ‘ ਬੇਗਮਪੁਰਾ ’ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ ਡਬਲ ਇੰਜਣ ਸਰਕਾਰ : ਨਾਇਬ ਸਿੰਘ ਸੈਣੀ ਮੁੱਖ ਮੰਤਰੀ ਨੇ ਸਦਗੁਰੂ ਰਵਿਦਾਸ ਜੀ ਦੀਆਂ ਪਾਵਨ ਚਰਨ ਪਾਦੁਕਾਵਾਂ ਸਿਰ ’ਤੇ ਧਾਰਨ ਕਰਕੇ ਸਮਰਸਤਾ ਸੰਕਲਪ ਯਾਤਰਾ ਦਾ ਕੀਤਾ ਸਵਾਗਤ
ਗੂਹਲਾ ਚੀਕਾ (ਕੁਰੂਕਸ਼ੇਤਰ), 25 ਨਵੰਬਰ (ਓ. ਪੀ.
ਗੂਹਲਾ ਚੀਕਾ (ਕੁਰੂਕਸ਼ੇਤਰ), 25 ਨਵੰਬਰ (ਓ.ਪੀ. ਸੈਣੀ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਦਗੁਰੂ ਰਵਿਦਾਸ ਜੀ ਨੇ ਲਗਭਗ ਸਾਢੇ ਛੇ ਸੌ ਸਾਲ ਪਹਿਲਾਂ ਜਿਸ ਬਰਾਬਰੀ ਵਾਲੇ, ਭੇਦਭਾਵ ਰਹਿਤ ਅਤੇ ਖੁਸ਼ਹਾਲ ਸਮਾਜ ਦੀ ਕਲਪਨਾ ਕੀਤੀ ਸੀ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਡਬਲ ਇੰਜਣ ਸਰਕਾਰ ਉਸ ਸੰਕਲਪ ਨੂੰ ਹਕੀਕਤ ਵਿਚ ਬਦਲਣ ਲਈ ਲਗਾਤਾਰ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਦਾ ਮੂਲ ਮੰਤਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਅਸਲ ਵਿਚ ਸਦਗੁਰੂ ਸ੍ਰੀ ਰਵਿਦਾਸ ਜੀ ਮਹਾਰਾਜ ਦੀ ਬਰਾਬਰੀ, ਸਮਾਜਿਕ ਨਿਆਂ ਅਤੇ ਸਮਰਸਤਾ ਦੀ ਵਿਚਾਰਧਾਰਾ ਦਾ ਆਧੁਨਿਕ ਅਤੇ ਵਿਹਾਰਕ ਰੂਪ ਹੈ। ਸਰਕਾਰ ਦਾ ਉਦੇਸ਼ ਸਮਾਜ ਦੇ ਆਖਰੀ ਵਿਅਕਤੀ ਤੱਕ ਸਨਮਾਨ, ਬਰਾਬਰ ਮੌਕੇ ਅਤੇ ਵਿਕਾਸ ਦੇ ਲਾਭ ਪਹੁੰਚਾਉਣਾ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਕੁਰੂਕਸ਼ੇਤਰ ਦੇ ਉਮਰੀ ਵਿਖੇ ਸਦਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਜਯੰਤੀ ਵਰ੍ਹੇ ਨੂੰ ਸਮਰਪਿਤ ਦੇਸ਼-ਵਿਆਪੀ ਸਮਰਸਤਾ ਸੰਕਲਪ ਯਾਤਰਾ ਦੇ ਸ਼ਾਨਦਾਰ ਸਵਾਗਤੀ ਸਮਾਗਮ ਅਤੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਯਾਤਰਾ ਦਾ ਸ਼ਰਧਾ ਅਤੇ ਸਤਿਕਾਰ ਨਾਲ ਸਵਾਗਤ ਕੀਤਾ ਅਤੇ ਗੁਰੂ ਰਵਿਦਾਸ ਜੀ ਦੀਆਂ ਪਾਵਨ ਚਰਨ ਪਾਦੁਕਾਵਾਂ ਸਿਰ ‘ਤੇ ਧਾਰਨ ਕਰਕੇ ਮੰਚ ਤੱਕ ਪਹੁੰਚੇ। ਇਸ ਮੌਕੇ ਮੌਜੂਦ ਸੰਤਾਂ-ਮਹਾਪੁਰਖਾਂ, ਸ਼ਰਧਾਲੂਆਂ ਅਤੇ ਵੱਖ-ਵੱਖ ਸਮਾਜਾਂ ਦੇ ਲੋਕਾਂ ਨੇ ਸਮਾਜਿਕ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ 18 ਨਵੰਬਰ ਨੂੰ ਪੰਜਾਬ ਦੇ ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਤੋਂ ਸ਼ੁਰੂ ਹੋਈ ਸਮਰਸਤਾ ਸੰਕਲਪ ਯਾਤਰਾ ਲਗਭਗ 2,402 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 3 ਦਸੰਬਰ ਨੂੰ ਵਾਰਾਣਸੀ ਸਥਿਤ ਸਦਗੁਰੂ ਸ੍ਰੀ ਰਵਿਦਾਸ ਜੀ ਮਹਾਰਾਜ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਪਹੁੰਚੇਗੀ। ਹਰਿਆਣਾ ਦੇ ਅੱਠ ਜ਼ਿਲ੍ਹਿਆਂ ਵਿਚੋਂ ਲੰਘਣ ਵਾਲੀ ਇਹ ਯਾਤਰਾ ਸਿਰਫ਼ ਇਕ ਧਾਰਮਿਕ ਸਮਾਗਮ ਨਹੀਂ, ਸਗੋਂ ਬਰਾਬਰੀ, ਸੇਵਾ, ਸਮਾਜਿਕ ਨਿਆਂ ਅਤੇ ਮਨੁੱਖਤਾ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਵਿਸ਼ਾਲ ਮੁਹਿੰਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਤ-ਮਹਾਂਪੁਰਖ ਕਿਸੇ ਇਕ ਜਾਤੀ ਜਾਂ ਸਮਾਜ ਵਿਸ਼ੇਸ਼ ਦੇ ਨਹੀਂ ਹੁੰਦੇ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਦੀ ਸਾਂਝੀ ਵਿਰਾਸਤ ਹੁੰਦੀਆਂ ਹਨ। ਸਦਗੁਰੂ ਰਵਿਦਾਸ ਜੀ ਪ੍ਰਤੀ ਸੱਚੀ ਸ਼ਰਧਾ ਤਾਂ ਹੀ ਹੋਵੇਗੀ, ਜਦੋਂ ਅਸੀਂ ਉਨ੍ਹਾਂ ਦੇ ਦੱਸੇ ਬਰਾਬਰੀ, ਪਿਆਰ, ਭਾਈਚਾਰੇ ਅਤੇ ਸਮਾਜਿਕ ਨਿਆਂ ਦੇ ਮਾਰਗ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਵਾਂਗੇ।ਇਸ ਮੌਕੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਸ੍ਰੀ ਲਾਲ ਸਿੰਘ ਆਰੀਆ ਨੇ ਸਦਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਸਮੁੱਚੇ ਸਮਾਜ ਲਈ ਪ੍ਰੇਰਨਾਦਾਇਕ ਦੱਸਦਿਆਂ ਸਮਾਜਿਕ ਸਮਰਸਤਾ ਦੀ ਮਹੱਤਤਾ ‘ਤੇ ਚਾਨਣਾ ਪਾਇਆ।ਭਾਜਪਾ ਦੇ ਸੂਬਾ ਸਹਿ-ਇੰਚਾਰਜ ਡਾ. ਭੋਲਾ ਸਿੰਘ ਨੇ ਸਮਾਜਿਕ ਭੇਦਭਾਵ ਨੂੰ ਖ਼ਤਮ ਕਰਕੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਨੂੰ ਸਮਰਸਤਾ ਸੰਕਲਪ ਯਾਤਰਾ ਦਾ ਮੁੱਖ ਉਦੇਸ਼ ਦੱਸਿਆ। ਭਾਜਪਾ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕਿਹਾ ਕਿ ਸਮਾਜਿਕ ਸਮਰਸਤਾ ਭਾਜਪਾ ਦੀ ਮੂਲ ਵਿਚਾਰਧਾਰਾ ਹੈ ਅਤੇ ਕੇਂਦਰ ਤੇ ਹਰਿਆਣਾ ਸਰਕਾਰ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਕੇ ਸਮਾਜ ਦੇ ਹਰ ਵਰਗ ਦੇ ਸਨਮਾਨ ਅਤੇ ਕਲਿਆਣ ਲਈ ਕੰਮ ਕਰ ਰਹੀਆਂ ਹਨ।ਹਰਿਆਣਾ ਦੇ ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਉਮਰੀ ਵਿਚ ਬਣਨ ਵਾਲਾ ਗੁਰੂ ਰਵਿਦਾਸ ਧਾਮ ਸਮਾਜਿਕ ਬਰਾਬਰੀ ਅਤੇ ਸਦਗੁਰੂ ਸ੍ਰੀ ਰਵਿਦਾਸ ਜੀ ਦੀ ਮਹਾਨ ਵਿਰਾਸਤ ਦਾ ਪ੍ਰਤੀਕ ਬਣੇਗਾ। ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਨੇ ਸਦਗੁਰੂ ਰਵਿਦਾਸ ਜੀ ਦੇ ਜੀਵਨ ਦਰਸ਼ਨ ਨੂੰ ਭਾਰਤੀ ਸੱਭਿਆਚਾਰ, ਅਧਿਆਤਮ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਜੀਵੰਤ ਰੂਪ ਦੱਸਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਭਾਜਪਾ ਸੂਬਾ ਉਪ ਪ੍ਰਧਾਨ ਸ੍ਰੀ ਅਸ਼ੋਕ ਗੁੱਜਰ ਨੇ ਕੀਤਾ।ਸਮਾਗਮ ਵਿਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ , ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ, ਕ੍ਰਿਸ਼ਨ ਬੇਦੀ, ਰਣਬੀਰ ਗੰਗਵਾ, ਭਾਜਪਾ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ, ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਲਾਲ ਸਿੰਘ ਆਰੀਆ, ਭਾਜਪਾ ਸੂਬਾ ਸਹਿ-ਇੰਚਾਰਜ ਡਾ. ਭੋਲਾ ਸਿੰਘ, ਸਾਬਕਾ ਮੰਤਰੀ ਸੁਭਾਸ਼ ਸੁਧਾ, ਸਾਬਕਾ ਮੰਤਰੀ ਅਸੀਮ ਗੋਇਲ, ਸਾਬਕਾ ਸੰਸਦ ਮੈਂਬਰ ਸ੍ਰੀਮਤੀ ਸੁਨੀਤਾ ਦੁੱਗਲ, ਭਾਜਪਾ ਸੂਬਾ ਜਨਰਲ ਸਕੱਤਰ ਸੱਤਿਆਪ੍ਰਕਾਸ਼ ਜਰਾਵਤਾ, ਅਨੁਸੂਚਿਤ ਜਾਤੀ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਡਾ. ਸ਼ਿਵੇਸ਼ ਕੁਮਾਰ ਰਾਮ, ਭਾਜਪਾ ਸੂਬਾ ਉਪ ਪ੍ਰਧਾਨ ਅਸ਼ੋਕ ਗੁੱਜਰ, ਵਿਧਾਇਕ ਸਤਪਾਲ ਜਾਂਬਾ, ਜ਼ਿਲ੍ਹਾ ਪ੍ਰਧਾਨ ਰਮੇਸ਼ ਸੈਣੀ, ਅਨੂਪ ਧਾਨਕ ਅਤੇ ਵਿਸ਼ੰਬਰ ਵਾਲਮੀਕਿ ਸਮੇਤ ਅਨੇਕਾਂ ਸੰਤ-ਮਹਾਪੁਰਖ, ਲੋਕ ਨੁਮਾਇੰਦੇ, ਪਾਰਟੀ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।