ਸਿਰਸਾ, 21 ਫਰਵਰੀ (ਭੁਪਿੰਦਰ ਪੰਨੀਵਾਲੀਆ)-ਪੰਜਾਬੀ ਸਤਿਕਾਰ ਸਭਾ ਦੇ ਪ੍ਰਧਾਨ ਪ੍ਰਦੀਪ ਸਚਦੇਵਾ ਨੇ ਸਰਕਾਰ ਨੂੰ ਦੇਸ਼ 'ਚ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਵਿਕਾਸ ਲਈ ਗੰਭੀਰ ਯਤਨ ਕਰਨ ਦੀ ਅਪੀਲ ਕੀਤੀ ਹੈ | ਸਚਦੇਵਾ ਨੇ ਕਿਹਾ ਕਿ ਆਪਣੀ ਮਾਤ ਭਾਸ਼ਾ 'ਚ ਸਿੱਖਣਾ ਸੌਖਾ ਹੈ ਤੇ ਵਿਚਾਰਾਂ ਦਾ ਪ੍ਰਗਟਾਵਾ ਵਧੇਰੇ ਪ੍ਰਭਾਵਸ਼ਾਲੀ ਹੈ, ਇਸ ਲਈ ਕੇਂਦਰ ਸਰਕਾਰ ਨੂੰ ਸਿੱਖਿਆ 'ਚ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਵੀ ਪੰਜਾਬੀ ਬੋਲਣ ਵਾਲੀ ਆਬਾਦੀ ਹੈ, ਉੱਥੇ ਵਿਦਿਅਕ ਸੰਸਥਾਵਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਵਿਚ ਪੜ੍ਹਾਉਣ ਤੇ ਪੰਜਾਬੀ ਵਿਚ ਪੱਤਰ ਵਿਹਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਸਚਦੇਵਾ ਨੇ ਜ਼ੋਰ ਦੇ ਕੇ ਕਿਹਾ ਕਿ ਹਰਿਆਣਾ ਵਿਚ ਵੱਡੀ ਪੰਜਾਬੀ ਬੋਲਣ ਵਾਲੀ ਆਬਾਦੀ ਨੂੰ ਦੇਖਦੇ ਹੋਏ ਪੰਜਾਬੀ ਸਤਿਕਾਰ ਸਭਾ ਸਾਲਾਂ ਤੋਂ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਕਰ ਰਹੀ ਹੈ, ਪਰ ਇਹ ਅਜੇ ਵੀ ਲਾਗੂ ਨਹੀਂ ਹੋਇਆ ਹੈ | ਉਨ੍ਹਾਂ ਪੰਜਾਬੀ-ਪੱਖੀ ਸਮੂਹਾਂ ਨੂੰ ਇਸ ਮੰਗ ਦੀ ਜ਼ੋਰਦਾਰ ਵਕਾਲਤ ਕਰਨ ਤੇ ਇਸ ਦੇ ਲਈ ਸਾਂਝਾ ਸੰਘਰਸ਼ ਸ਼ੁਰੂ ਕਰਨ ਦੀ ਅਪੀਲ ਕੀਤੀ |