ਗੂਹਲਾ ਚੀਕਾ, 21 ਫਰਵਰੀ (ਓ. ਪੀ. ਸੈਣੀ)-ਭਾਜਪਾ ਦੇ ਸਫਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਹਰਿਆਣਾ 'ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਦੇਖ ਕੇ ਮੁੱਖ ਮੰਤਰੀ ਸ੍ਰੀ ਸੈਣੀ ਤੇ ਭਾਜਪਾ ਦੀ ਪੰਜਾਬ 'ਚ ਵੀ ਲੋਕਪਿ੍ਅਤਾ ਵਧ ਰਹੀ ਹੈ | ਉਪਰੋਕਤ ਸ਼ਬਦ ਭਾਜਪਾ ਦੇ ਸੂਬਾਈ ਨੇਤਾ ਤੇ ਐਮ. ਸੀ. ਨਗਰ ਪਾਲਿਕਾ ਚੀਕਾ ਕੁਲਦੀਪ ਪੰਚਾਲ ਨੇ ਚੰਡੀਗੜ੍ਹ 'ਚ ਹਰਿਆਣਾ ਦੇ ਮੁੱਖ ਮੰਤਰੀ, ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਤੋਂ ਬਾਅਦ ਚੀਕਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਸ੍ਰੀ ਪੰਚਾਲ ਨੇ ਕਿਹਾ ਕਿ ਜਿਥੇ ਹਰਿਆਣਾ ਦੇ ਹਰਮਨ ਪਿਆਰੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਇਕ ਏਕੀਕਰਿਤ ਦਿ੍ਸ਼ਟੀਕੋਣ ਨਾਲ ਹਰਿਆਣਾ 'ਚ ਸਰਬਪੱਖੀ ਵਿਕਾਸ ਕਰਵਾ ਰਹੇ ਹਨ, ਉੱਥੇ ਸ੍ਰੀ ਸੈਣੀ ਸਾਰੇ 36 ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ | ਇਸ ਨਾਲ ਨਾ ਸਿਰਫ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਰਿਆਣਾ 'ਚ ਪ੍ਰਸਿੱਧੀ ਵਧ ਰਹੀ ਹੈ, ਸਗੋਂ ਪੰਜਾਬ ਵਿਚ ਵੀ ਭਾਜਪਾ ਅਤੇ ਸ੍ਰੀ ਸੈਣੀ ਦੀ ਪ੍ਰਸਿੱਧੀ ਵਧ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਆਪਣੀਆਂ ਸਮੱਸਿਆਵਾਂ ਲੈ ਕੇ ਮਿਲਣ ਲਈ ਸੰਘਰਸ਼ ਕਰਨਾ ਪੈਂਦਾ ਸੀ | ਹਾਲਾਂਕਿ, ਜਦੋਂ ਤੋਂ ਭਾਜਪਾ ਦੇ ਸਮਝਦਾਰ ਤੇ ਇਮਾਨਦਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਹੁਦਾ ਸੰਭਾਲਿਆ ਹੈ, ਸ੍ਰੀ ਸੈਣੀ ਦੇ ਚੰਡੀਗੜ੍ਹ ਮੁੱਖ ਮੰਤਰੀ ਨਿਵਾਸ ਦੇ ਦਰਵਾਜੇ ਹਰਿਆਣਾ ਦੇ ਹਰ ਵਿਅਕਤੀ ਲਈ 24 ਘੰਟੇ ਖੁੱਲ੍ਹੇ ਹਨ | ਇਹੀ ਨਹੀਂ, ਲੋਕ ਆਪਣਾ ਕੰਮ ਪੂਰਾ ਹੋਣ ਤੋਂ ਬਾਅਦ ਖੁਸ਼ੀ ਨਾਲ ਘਰ ਪਰਤਦੇ ਹਨ, ਸਗੋਂ ਚੰਡੀਗੜ੍ਹ 'ਚ ਹਰ ਵਿਅਕਤੀ ਨੂੰ ਬਣਦਾ ਸਤਿਕਾਰ ਵੀ ਦਿੱਤਾ ਜਾਂਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰਿਆਣਾ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਪ੍ਰਦਾਨ ਕਰ ਰਹੇ ਹਨ ਅਤੇ ਹਰਿਆਣਾ ਵਿਕਾਸ ਦੀ ਲਹਿਰ ਦਾ ਅਨੁਭਵ ਕਰ ਰਿਹਾ ਹੈ |